ਅੰਮ੍ਰਿਤਸਰ: ਸੋਮਵਾਰ ਸਵੇਰੇ ਬਿਆਸ ਨੇੜਲੇ ਪਿੰਡ ਬੁੱਢਾ ਥੇਹ ਵਿਖੇ ਇੱਕ ਮਾਰਕਿਟ ਨੇੜੇ ਲਵਾਰਿਸ ਹਾਲਤ ਵਿੱਚ ਮਿਲੇ ਵਿਅਕਤੀ ਨੂੰ ਸਥਾਨਕ ਦੁਕਾਨਦਾਰ ਵੱਲੋਂ 108 ਐਂਬੂਲੈਂਸ ਰਾਂਹੀ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਲਿਜਾਣ ਤੇ ਮੌਕੇ ਤੇ ਮੌਜੂਦ ਐਮਰਜੈਂਸੀ ਡਾਕਟਰ ਸੌਰਵ ਵਲੋਂ ਉਕਤ ਲਾਵਾਰਿਸ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਜਾਣਕਾਰੀ ਦਿੰਦਿਆਂ ਡਾ. ਲਖਵਿੰਦਰ ਸਿੰਘ ਕਾਰਜਕਾਰੀ ਇੰਚਾਰਜ ਐਸਐਮਓ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਨੇ ਦੱਸਿਆ ਕਿ ਸਬੰਧਿਤ ਐਮਰਜੈਂਸੀ ਡਾਕਟਰ ਨਾਲ ਗੱਲਬਾਤ ਤੇ ਪਤਾ ਚੱਲਿਆ ਹੈ ਕਿ ਕੋਈ ਅਣਪਛਾਤੇਾ ਵਿਅਕਤੀ 108 ਐਂਬੂਲੈਂਸ ਵਿੱਚ ਲਿਆਂਦਾ ਗਿਆ। ਜਿਸ ਦੀ ਕਿ ਮੌਤ ਹੋ ਚੁੱਕੀ ਸੀ। ਜਿਸ ਦੀ ਪ੍ਰੋਟੋਕਾਲ ਤਹਿਤ ਜਾਂਚ ਕਰਨ ਤੇ ਉਕਤ ਅਣਪਛਾਤਾ ਵਿਅਕਤੀ ਮ੍ਰਿਤਕ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਕੋਈ ਪਛਾਣ ਨਾ ਹੋਣ ਕਾਰਣ ਬਣਦੀ ਲੋੜੀਂਦੀ ਕਾਰਵਾਈ ਕਰਦਿਆਂ ਪੁਲਿਸ ਨੂੰ ਸੂਚਿਤ ਕਰ ਰਹੇ ਹਾਂ।
ਜਿਕਰਯੋਗ ਹੈ ਕਿ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਕਰੀਬ 08 ਵਜੇ ਉਕਤ ਵਿਅਕਤੀ ਨੂੰ ਦੇਖਣ ਤੋਂ ਤੁਰੰਤ ਬਾਅਦ ਦੁਕਾਨਦਾਰਾਂ ਵਲੋਂ ਉਸ ਨੂੰ ਗਰਮ ਕੱਪੜਿਆਂ ਨਾਲ ਢੱਕਿਆ ਗਿਆ ਅਤੇ ਥਾਣਾ ਬਿਆਸ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਉਨ੍ਹਾਂ ਵਲੋਂ ਆ ਕੇ ਮੌਕਾ ਦੇਖਦਿਆਂ ਉਕਤ ਅਣਪਛਾਤੇ ਵਿਅਕਤੀ ਲਈ ਐਂਬੂਲੈਂਸ ਮੰਗਵਾਉਣ ਦੀ ਬਜਾਏ ਕਿਹਾ ਗਿਆ ਕਿ ਠੰਢ ਲੱਗੀ ਹੈ, ਚਾਹ ਪਿਆਓ ਤੇ ਨੇੜੇ ਪਰਾਲੀ ਦੀ ਅੱਗ ਜਲਾਓ। ਜਿਸ ਤੋਂ ਬਾਅਦ ਦੁਕਾਨਦਾਰ ਵਲੋਂ ਆਪਣੇ ਤੌਰ ਤੇ 108 ਐਂਬੂਲੈਂਸ ਮੰਗਵਾ ਕੇ ਕਰੀਬ ਪੌਣੇ 11 ਵਜੇ ਉਕਤ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਕਤ ਵਿਅਕਤੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ: ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਉੱਤੇ ਟਰੱਕ ਯੂਨੀਅਨਾਂ ਵੱਲੋਂ ਪੱਕਾ ਧਰਨਾ , ਧਰਨੇ ਕਾਰਨ ਲੱਗਿਆ ਵੱਡਾ ਜਾਮ