ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਇੱਕ ਵਾਰ ਫਿਰ ਤੋਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਾਅਸਰ ਸੁਲਤਾਨਵਿੰਡ ਰੋਡ 'ਤੇ ਇੱਕ ਕੁੜਮ ਨੇ ਆਪਣੇ ਕੁੜਮਾਂ ਉੱਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਜ਼ਖਮੀ ਹੋ ਗਿਆ ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ। ਮ੍ਰਿਤਕ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦਾ ਵਿਆਹ ਹਰਜੀਤ ਸਿੰਘ ਦੇ ਬੇਟੇ ਨਾਲ ਹੋਇਆ ਸੀ ਅਤੇ ਹਰਜੀਤ ਸਿੰਘ ਸ਼ੁਰੂ ਤੋਂ ਹੀ ਸਾਡੇ ਨਾਲ ਖਹਿਬਾਜ਼ੀ ਰੱਖਦਾ ਸੀ ਅਤੇ ਛੋਟੀ- ਛੋਟੀ ਗੱਲ 'ਤੇ ਝਗੜਾ ਕਰਦਾ ਸੀ। ਉਹਨਾਂ ਦੱਸਿਆ ਸਾਡੀ ਬੇਟੀ ਅਤੇ ਉਸਦਾ ਘਰਵਾਲਾ ਸਾਡੇ ਨਾਲ ਬਾਹਰ ਘੁੰਮ ਕੇ ਵਾਪਿਸ ਆਏ। ਜਦੋਂ ਇਸ ਗੱਲ ਦਾ ਹਰਜੀਤ ਸਿੰਘ ਨੂੰ ਪਤਾ ਲੱਗਾ ਤੇ ਉਸ ਨੇ ਸਾਡੇ ਘਰ ਆ ਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਝਗੜੇ ਦੌਰਾਨ ਹਰਜੀਤ ਸਿੰਘ ਨੇ ਆਪਣੇ ਕੁੜਮ ਦਲਜੀਤ ਸਿੰਘ ਅਤੇ ਉਸ ਦੇ ਪੁੱਤਰ ਮੋਹਿਤ ਉੱਤੇ ਗੋਲੀ ਚਲਾ ਦਿੱਤੀ। ਜਿਸ ਦੌਰਾਨ ਦਲਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪਰਿਵਾਰ ਨੇ ਲਗਾਈ ਇਨਸਾਫ ਦੀ ਗੁਹਾਰ : ਇਸ ਵਾਰਦਾਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਤੇ ਪਰਿਵਾਰਿਕ ਮੈਂਬਰਾਂ ਵੱਲੋਂ ਪੁਲਿਸ ਤੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਦੂਜੇ ਪਾਸੇ ਇਸ ਮਾਮਲੇ 'ਚ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁੜਮ ਦੀ ਕੁੜਮ ਨਾਲ ਪੁਰਾਣੀ ਤਕਰਾਰ ਸੀ। ਅਕਸਰ ਹੀ ਇਹਨਾਂ ਦੀ ਆਪਸੀ ਤਕਰਾਰ ਰਹਿੰਦੀ ਸੀ ਜੋ ਕੱਲ ਇਸ ਅੰਜਾਮ ਤੱਕ ਪਹੁੰਚ ਗਈ ਕਿ ਦਲਜੀਤ ਸਿੰਘ ਦੀ ਜਾਨ ਲੈ ਲਈ। ਪੁਲਿਸ ਅਧਿਕਾਰੀਆਂ ਦੱਸਿਆ ਕਿ ਮੁਲਜ਼ਮ ਕੁੜਮ ਹਰਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਧਾਰਾ 302 ਦੇ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
- Supreme Court Simple Language: ‘ਕਾਨੂੰਨ ਸਰਲ ਭਾਸ਼ਾ ਵਿੱਚ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਸਮਝ ਸਕਣ ਅਤੇ ਉਲੰਘਣਾ ਤੋਂ ਬਚ ਸਕਣ’
- India vs Canada: ਸਵਾਲਾਂ ਵਿੱਚ ਘਿਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੈਨੇਡੀਅਨ ਮੀਡੀਆ ਨੇ ਮੰਗੇ ਸਬੂਤ
- Children Drowned in The Beas River: ਬਿਆਸ ਦਰਿਆ 'ਚ ਡੁੱਬੇ ਬੱਚਿਆਂ ਦਾ ਕੀਤਾ ਅੰਤਿਮ ਸਸਕਾਰ
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿਖੇ ਪਿਛਲੇ ਕਾਫੀ ਸਮੇਂ ਤੋਂ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਜਿਸ ਵਿੱਚ ਸ਼ਰੇਆਮ ਕਤਲੋਗਾਰਤ ਹੋ ਰਹੇ ਹਨ। ਅਜਿਹੀਆਂ ਘਟਨਾਵਾਂ ਨਾਲ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਅਪਰਾਧ ਨੂੰ ਵਧਾਵਾ ਦਿੰਦੇ ਬਦਮਾਸ਼ ਲੋਕਾਂ ਦੀ ਜਾਨ ਲੈ ਲੈਂਦੇ ਹਨ।