ਅੰਮ੍ਰਿਤਸਰ: ਦਿਹਾਤੀ ਪੁਲਿਸ ਦਾ ਇੱਕ ਅਨੋਖਾ ਕਾਰਨਾਮਾ ਸਾਹਮਣੇ ਆਇਆ ਹੈ ਜਿਸ ਵਿੱਚ ਥਾਣਾ ਕੱਥੂਨੰਗਲ ਦੀ ਪੁਲਿਸ ਵੱਲੋਂ ਇਕ 10 ਸਾਲ ਦੇ ਬੱਚੇ ਉੱਤੇ ਮੁਕੱਦਮਾ ਦਰਜ ਕੀਤਾ ਹੈ। ਉੱਥੇ ਹੀ ਪੀੜਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਫੋਟੋ ਕਾਫੀ ਪੁਰਾਣੀਆਂ ਹਨ। ਪਰਿਵਾਰ ਦਾ ਕਹਿਣਾ ਹੈ ਕਿ ਇਹ ਫੋਟੋਆਂ 6 - 7 ਸਾਲ ਪਹਿਲਾਂ ਫੇਸਬੁੱਕ ਉੱਤੇ ਪਾਈਆਂ ਗਈਆਂ ਸਨ ਜਿਸ ਦਾ ਪੁਲਿਸ ਵੱਲੋਂ ਹੁਣ ਆ ਕੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਉੱਥੇ ਹੀ, ਥਾਣਾ ਮਜੀਠਾ ਦੇ ਡੀਐਸਪੀ ਐਮ ਐਸ ਔਲਖ ਦਾ ਕਹਿਣਾ ਹੈ ਕਿ ਇਹ ਪੁਲਿਸ ਅਧਿਕਾਰੀਆਂ ਦੀ ਸਰਾਸਰ ਗ਼ਲਤੀ ਹੈ, ਬੱਚੇ ਉੱਤੇ ਮਾਮਲਾ ਦਰਜ ਨਹੀਂ ਹੋ ਸਕਦਾ।
"ਮਾਮਲਾ ਦਰਜ ਕਰਨ ਵਾਲੇ SHO ਦੀ ਵਿਭਾਗੀ ਜਾਂਚ ਹੋਵੇਗੀ": ਥਾਣਾ ਮਜੀਠਾ ਦੇ ਡੀਐਸਪੀ ਐਮ ਐਸ ਔਲਖ ਨੇ ਕਿਹਾ ਕਿ ਇਸ ਮਾਮਲੇ ਵਿੱਚ 10 ਸਾਲ ਦੇ ਬੱਚੇ ਉੱਤੇ ਗ਼ਲਤ ਪਰਚਾ ਦਰਜ ਕੀਤਾ ਗਿਆ ਹੈ ਜਿਸ ਦਾ ਨਾਂਅ ਇਸ ਪਰਚੇ ਵਿਚੋ ਕੱਢ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪੁਲਿਸ ਦੀ ਗ਼ਲਤੀ ਦੇ ਕਾਰਨ ਹੋਇਆ ਹੈ। ਇਸ ਵਿੱਚ ਬੱਚੇ ਉੱਤੇ ਮਾਮਲਾ ਦਰਜ ਕਰਨ ਵਾਲੇ ਐਸਐਚਓ ਦੀ ਵਿਭਾਗੀ ਜਾਂਚ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਵੈਸੇ ਬੱਚੇ ਦਾ ਨਾਂਅ ਤੇ ਉਮਰ ਪਰਚੇ ਵਿੱਚ ਦਰਜ ਨਹੀਂ ਹੈ। ਪਰਚੇ ਵਿੱਚ ਬੱਚੇ ਦੇ ਪਿਤਾ ਦਾ ਨਾਂਅ ਤੇ ਉਸ ਦਾ ਬੇਟਾ ਲਿਖਿਆ ਹੋਇਆ ਹੈ। ਪਰ, ਫਿਰ ਵੀ ਬੇਟੇ ਨੂੰ ਪਰਚੇ ਚੋਂ ਕੱਢਿਆ ਜਾਵੇਗਾ। ਉੱਥੇ ਹੀ ਇਕ ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕਾਂ ਵੱਲੋਂ ਆਪਣੀਆਂ ਫੋਟੋਆਂ ਹਥਿਆਰਾਂ ਦੇ ਨਾਲ ਫੇਸਬੁੱਕ ਜਾਂ ਸੋਸ਼ਲ ਮੀਡੀਆ ਤੇ ਪਾਈਆਂ ਹਨ। ਉਨ੍ਹਾਂ ਨੂੰ ਡਿਲੀਟ ਕਰ ਦਿੱਤਾ ਜਾਵੇ।
ਪੀੜਤ ਪਰਿਵਾਰ ਨੇ ਕੀਤੀ ਇਨਸਾਫ਼ ਦੀ ਮੰਗ: ਬੱਚੇ ਦੇ ਪਿਤਾ ਨੇ ਕਿਹਾ ਕਿ ਜਦੋਂ ਸਾਡਾ ਬੇਟਾ ਚਾਰ ਸਾਲ ਦਾ ਸੀ, ਉਸ ਸਮੇਂ ਇਹ ਫੋਟੋਆਂ ਫੇਸਬੁੱਕ ਉੱਤੇ ਆਪਣੇ ਪਰਿਵਾਰ ਸਮੇਤ ਬੈਠ ਕੇ ਖਿੱਚੀਆਂ ਗਈਆਂ ਸੀ, ਹੁਣ ਬੇਟਾ 10 ਸਾਲ ਦਾ ਹੈ। ਪਰ, ਇੰਨੇ ਸਾਲ ਬਾਅਦ ਕੇਸ ਦਰਜ ਕੀਤਾ ਗਿਆ ਜੋ ਸਰਾਰਸਰ ਗ਼ਲਤ ਹੈ। ਪਿਤਾ ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਪਰਚਾ ਮੇਰੇ ਉੱਤੇ ਰੰਜਿਸ਼ ਤਹਿਤ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਇੰਨਸਾਫ ਦੀ ਮੰਗ ਕਰਦੇ ਹਾਂ। ਜੇਕਰ ਇਨਸਾਫ ਨਹੀਂ ਮਿਲਦਾ ਤਾਂ ਉਹ ਕੋਰਟ ਦਾ ਰੁਖ਼ ਕਰਨਗੇ।
ਬੱਚੇ ਦੇ ਪਿਤਾ ਨੇ ਫੇਸਬੁੱਕ 'ਤੇ ਕੀਤੀ ਸੀ ਫੋਟੋ ਸ਼ੇਅਰ: ਇਸ ਤੋਂ ਇਲਾਵਾ ਅੰਮ੍ਰਿਤਸਰ ਦਿਹਾਤੀ ਪੁਲਿਸ ਬੱਚਾ ਨਬਾਲਿਗ ਹੋਣ ਕਰਕੇ ਇਸ ਮਾਮਲੇ ਬਾਰੇ ਕੁੱਝ ਵੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੱਚੇ ਦੇ ਨਾਲ ਉਸ ਦੇ ਪਿਤਾ ਤੇ 2 ਹੋਰਨਾਂ ਉੱਤੇ ਵੀ ਹਥਿਆਰ ਉਤਸ਼ਾਹਿਤ ਕਰਨ ਦੇ ਮਾਮਲੇ ਦਰਜ ਕੀਤੇ ਹਨ। ਦੱਸ ਦਈਏ ਕਿ ਬੱਚੇ ਦੇ ਪਿਤਾ ਨੇ ਆਪਣੇ 10 ਸਾਲ ਦੇ ਬੱਚੇ ਦੀ ਫੇਸਬੁੱਕ 'ਤੇ ਪ੍ਰੋਫਾਈਲ ਫੋਟੋ ਲਗਾਈ ਸੀ ਜੋ ਕਿ ਮੋਢੇ ਉੱਤੇ ਬੰਦੂਕ ਲੈ ਕੇ ਅਤੇ ਗਲੇ ਵਿੱਚ ਗੋਲੀਆਂ ਵਾਲਾ ਪਟਾ ਪਾਇਆ ਹੋਇਆ ਸੀ। ਇਹ ਮਾਮਲਾ ਕੱਥੂਨੰਗਲ ਥਾਣੇ ਵਿੱਚ ਦਰਜ ਹੋਇਆ ਹੈ।
ਮੁੱਖ ਮੰਤਰੀ ਵੱਲੋਂ ਗੰਨ ਕਲਚਰ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੇ ਆਦੇਸ਼: ਪੰਜਾਬ ਸੀਐਮ ਭਗਵੰਤ ਮਾਨ ਦੀ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਗੰਨ ਕਲਚਰ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੀ ਗੱਲ ਕਹੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਤੱਕ ਜਾਰੀ ਕੀਤੇ ਸਾਰੇ ਅਸਲਾ ਲਾਇਸੈਂਸਾਂ ਦੀ ਅਗਲੇ 3 ਮਹੀਨਿਆਂ ਵਿੱਚ ਪੂਰੀ ਸਮੀਖਿਆ ਕਰਨ ਲਈ ਕਿਹਾ ਹੈ।ਇਸ ਦੇ ਨਾਲ ਹੀ ਨਵੇਂ ਅਸਲਾ ਲਾਇਸੈਂਸ ਬਣਾਉਣ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਜਦੋਂ ਤੱਕ ਡੀਸੀ ਨਿੱਜੀ ਤੌਰ 'ਤੇ ਸੰਤੁਸ਼ਟ ਨਹੀਂ ਹੁੰਦੇ ਉਦੋਂ ਤੱਕ ਨਵਾਂ ਅਸਲ ਲਾਇਸੈਂਸ ਜਾਰੀ ਨਹੀਂ ਕੀਤਾ ਜਾਵੇਗਾ। ਇੰਨਾ ਹੀ ਨਹੀਂ ਸੋਸ਼ਲ ਮੀਡੀਆ 'ਤੇ ਹਥਿਆਰਾਂ ਦੀ ਪ੍ਰਦਰਸ਼ਨੀ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਪੁਲਿਸ ਨੂੰ ਸੂਬੇ ਵਿੱਚ ਅਚਨਚੇਤ ਚੈਕਿੰਗ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਮ੍ਰਿਤਕ ਸੁਧੀਰ ਸੂਰੀ ਦੇ ਭਰਾ ਨੇ ਬਿਕਰਮ ਮਜੀਠੀਆ ਨੂੰ ਲਾਏ ਰਗੜੇ, ਸੁਣੋ ਕੀ ਕਿਹਾ...