ਅੰਮ੍ਰਿਤਸਰ: ਅੱਜ ਵਾਲਮੀਕਿ ਚੌਂਕ ਜੰਡਿਆਲਾ ਗੁਰੂ ਵਿਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਪਹੁੰਚੇ। ਜਿੱਥੇ ਉਨ੍ਹਾਂ ਬਿਜਲੀ ਸ਼ਿਕਾਇਤ ਘਰ ਦੀ ਨਵੀਂ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਕੀਤਾ। ਇਹ ਇਮਾਰਤ 25 ਲੱਖ ਦੀ ਲਾਗਤ ਨਾਲ ਬਣੇਗੀ ਜੋ ਕਿ 3 ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗੀ।
ਬਿਜਲੀ ਸ਼ਿਕਾਇਤ ਘਰ ਦੇ ਨਵੀਨੀਕਰਨ ਦਾ ਕੰਮ ਸ਼ੁਰੂ: ਗੱਲਬਾਤ ਦੌਰਾਨ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਜੰਡਿਆਲਾ ਗੁਰੂ ਸ਼ਹਿਰ ਵਿੱਚ ਬਹੁਤ ਹੀ ਪੁਰਾਣੇ ਸਮੇਂ ਦੇ ਬਣੇ ਹੋਏ ਬਿਜਲੀ ਸ਼ਿਕਾਇਤ ਦਫਤਰ ਦੀ ਬਿਲਡਿੰਗ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਸੀ। ਹਾਲਾਤ ਇਹ ਸਨ ਕਿ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ। ਉਨ੍ਹਾਂ ਦੱਸਿਆ ਕਿ ਪੁਰਾਣੇ ਬਿਜਲੀ ਸ਼ਿਕਾਇਤ ਦਫ਼ਤਰ ਵਿੱਚ ਮੁਲਾਜਮਾਂ ਅਤੇ ਖਪਤਕਾਰਾ ਦੇ ਬੈਠਣ ਲਈ ਵੀ ਕੋਈ ਖਾਸ ਪ੍ਰਬੰਧ ਨਹੀਂ ਸੀ। ਜਿਸ ਦੇ ਚੱਲਦਿਆਂ ਆਮ ਲੋਕਾਂ ਦੀ ਸੁੱਖ ਸੁਵਿਧਾ ਅਤੇ ਬਿਜਲੀ ਸ਼ਿਕਾਇਤ ਦਫਤਰ ਨੂੰ ਹਰ ਪੱਖ ਤੋਂ ਹਾਈ ਟੈੱਕ ਤਕਨੀਕ ਨਾਲ ਲੈਸ ਕਰਦਿਆਂ ਹੁਣ ਇਸੇ ਦਫਤਰ ਦਾ ਨਵੀਨੀਕਰਨ ਕਰਨ ਦਾ ਕੰਮ ਆਰੰਭ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਤਿਆਰ ਕੀਤਾ ਜਾਵੇਗਾ।
ਤਿੰਨ ਮਹੀਨੇ 'ਚ ਤਿਆਰ ਹੋ ਜਾਵੇਗੀ ਇਮਾਰਤ: ਉਨ੍ਹਾਂ ਦੱਸਿਆ ਕਿ ਇਹ ਭੀੜ ਭਾੜ ਵਾਲਾ ਇਲਾਕਾ ਹੈ। ਜਿੱਥੇ ਨਿਰਮਾਣ ਕਾਰਜ ਕਰਦਿਆਂ ਲੋਕਾਂ ਦੀ ਸੁੱਖ ਸੁਵਿਧਾ ਜਾ ਆਵਾਜਾਈ ਦਾ ਪੂਰਨ ਧਿਆਨ ਰੱਖਿਆ ਜਾਵੇਗਾ। ਕਰੀਬ ਤਿੰਨ ਮਹੀਨੇ ਦੇ ਵਿੱਚ ਵਿੱਚ ਇਹ ਦਫਤਰ ਪੂਰਨ ਤੌਰ 'ਤੇ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨਿਰਮਾਣ ਕਾਰਜਾਂ ਨਾਲ ਸਬੰਧਿਤ ਅਧਿਕਾਰੀਆਂ ਵਿਸ਼ੇਸ਼ ਤੌਰ 'ਤੇ ਹਿਦਾਇਤ ਕੀਤੀ ਗਈ ਹੈ ਕਿ ਕੰਮ ਦੀ ਕੁਆਲਿਟੀ ਵਿੱਚ ਕੋਈ ਕਮੀਂ ਨਹੀਂ ਆਉਣੀ ਚਾਹੀਦੀ ਹੈ ਅਤੇ ਕੰਮ ਸਮੇਂ ਸਿਰ ਹੋ ਜਾਣਾ ਚਾਹੀਦਾ ਹੈ।
ਬਿਜਲੀ ਦੀ ਚੋਰੀ ਕਰਨ ਵਾਲਿਆਂ ਨੂੰ ਅਪੀਲ: ਇਸ ਦੌਰਾਨ ਉਨ੍ਹਾਂ ਕਥਿਤ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋਕਾਂ ਨੂੰ 600 ਯੂਨਿਟ ਤੱਕ ਫ੍ਰੀ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਫਿਰ ਵੀ ਜੇਕਰ ਕੋਈ ਵਿਅਕਤੀ ਬਿਜਲੀ ਚੋਰੀ ਕਰਦਾ ਕਾਬੂ ਆਉਂਦਾ ਹੈ ਤਾਂ ਵਿਭਾਗ ਵੱਲੋਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਵਿਰੋਧੀ ਧਿਰ ਦੇ ਲੀਡਰਾਂ ਨੂੰ ਘੇਰਦੇ ਕਿਹਾ ਕਿ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਅਤੇ ਭਾਸ਼ਾ ਉਨ੍ਹਾਂ ਵਿੱਚ ਕਿੰਨਾ ਕੁ ਸ਼ਿਸ਼ਟਾਚਾਰ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਲਈ ਅਜਿਹੀ ਭਾਸ਼ਾ ਵਰਤਣ ਤੋਂ ਪਹਿਲਾਂ ਇਕ ਵਾਰ ਸੋਚ ਲੈਣਾ ਚਾਹੀਦਾ ਹੈ।