ਅੰਮ੍ਰਿਤਸਰ : ਅਕਸਰ ਹੀ ਪੰਜਾਬ ਦੇ ਪਿੰਡਾਂ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਲੈ ਕੇ ਧੜੇਬੰਦੀ ਦੇਖਣ ਨੂੰ ਮਿਲਦੀ ਹੈ। ਇਸ ਧੜੇਬੰਦੀ ਦੌਰਾਨ ਕਈ ਵਾਰ ਝਗੜੇ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਗਰਵਾਲੀ ਦਾ ਹੈ ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ 2 ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਿੱਚ ਝਗੜਾ ਹੋ ਗਿਆ।
ਝਗੜੇ ਦੀ ਸੀਸੀਟੀਵੀ : ਇਸ ਝਗੜੇ ਦੌਰਾਨ ਕਾਫੀ ਕੁੱਟ ਮਾਰ ਵੀ ਦੇਖਣ ਨੂੰ ਮਿਲੀ ਜਿਸ ਦੀ ਕਿ ਲਾਇਵ ਵੀਡੀਓ ਤੇ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦੇ ਵਰਕਰ ਸੰਦੀਪ ਸਿੰਘ ਅਤੇ ਗਰਵਾਲੀ ਪਿੰਡ ਦੇ ਸਾਬਕਾ ਸਰਪੰਚ ਅਤੇ ਅਕਾਲੀ ਦਲ ਦੇ ਆਗੂ ਕੰਵਲਜੀਤ ਸਿੰਘ ਵਿਚਾਲੇ ਇਹ ਝਗੜਾ ਹੋਇਆ ਹੈ।
ਅਕਾਲੀ ਅਤੇ ਆਪ ਦੇ ਵਰਕਰਾਂ ਵਿਚਕਾਰ ਝਗੜਾ: ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੰਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਉਹ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੇ ਹਨ। ਇਸ ਗੱਲ ਤੋਂ ਲੈ ਕੇ ਪਿੰਡ ਦੇ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਸਰਪੰਚ ਕੰਵਲਜੀਤ ਸਿੰਘ ਉਨ੍ਹਾਂ ਨਾਲ ਖੁੰਦਕਬਾਜੀ ਰੱਖਦੇ ਹਨ। ਪਿੰਡ ਵਿੱਚ ਉਹਨਾਂ ਦੀ ਜ਼ਮੀਨ ਨੂੰ ਲੈ ਕੇ ਕਿਸੇ ਹੋਰ ਵਿਅਕਤੀ ਨਾਲ ਝਗੜਾ ਚੱਲ ਰਿਹਾ ਸੀ ਜਿਸ ਵਿੱਚ ਕਿ ਉਹਨਾਂ ਦੀ ਬੈਠ ਕੇ ਰਾਜ਼ੀਨਾਮਾ ਹੋਣ ਦੀ ਗੱਲ ਚੱਲ ਰਹੀ ਸੀ। ਇਸ ਦੌਰਾਨ ਸਾਬਕਾ ਸਰਪੰਚ ਕੰਵਲਜੀਤ ਸਿੰਘ ਉਨ੍ਹਾਂ ਦੇ ਪਲਾਟ ਤੇ ਪਹੁੰਚ ਕੇ ਜ਼ਬਰਦਸਤੀ ਉਨ੍ਹਾਂ ਨਾਲ ਕੁੱਟਮਾਰ ਕੀਤੀ। ਜਿਸ ਦੀ ਕਿ ਉੱਥੇ ਵੀਡੀਓ ਵੀ ਬਣਾਈ ਗਈ ਜਦੋਂ ਉਹਨਾਂ ਵੱਲੋਂ ਇਸ ਬਾਬਤ ਪੁਲਿਸ ਨੂੰ ਦਰਖਾਸਤ ਦੇਣ ਪਹੁੰਚੇ ਤਾਂ ਉਹ ਉਕਤ ਸਾਬਕਾ ਸਰਪੰਚ ਵੱਲੋਂ ਉਹਨਾਂ ਦੀ ਦੁਕਾਨ ਤੇ ਜਾ ਕੇ ਭੰਨਤੋੜ ਕੀਤੀ ਗਈ।
ਪੁਲਿਸ 'ਤੇ ਢਿੱਲੀ ਕਾਰਗੁਜ਼ਾਰੀ ਦੇ ਇਲਜ਼ਾਮ: ਉਸ ਦੇ ਨਾਲ ਕੁਝ ਅਣਪਛਾਤੇ ਵਿਅਕਤੀ ਵੀ ਮੌਜੂਦ ਸਨ ਜਿਸਦੀ ਕਿ ਸੀਸੀਟੀਵੀ ਵੀਡੀਓ ਵੀ ਉਹਨਾਂ ਦੇ ਕੋਲ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਰਕਰ ਸੰਦੀਪ ਸਿੰਘ ਨੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ 'ਤੇ ਵੀ ਸਵਾਲ ਚੁੱਕੇ ਹਨ ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਦੀ ਪਾਰਟੀ ਦੇ ਵਰਕਰ ਨੂੰ ਇਨਸਾਫ਼ ਲੈਣ ਲਈ ਇਸ ਤਰੀਕੇ ਧੱਕੇ ਖਾਣੇ ਪੈ ਰਹੇ ਤਾਂ ਆਮ ਲੋਕਾਂ ਦੀ ਪੁਲਿਸ ਸੁਣਵਾਈ ਕਿੱਥੋਂ ਕਰਦੀ ਹੋਵੇਗੀ।
ਮਾਮਲੇ ਦੀ ਜਾਂਚ ਸ਼ੁਰੂ: ਦੂਜੇ ਪਾਸੇ ਇਸ ਮਾਮਲੇ ਵਿਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸੁਰੂ ਕੀਤੀ ਜਾ ਰਹੀ ਹੈ। ਪੁਲਿਸ ਦੀ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ :- Issue of Ringo Railway Bridge: ਸਾਂਸਦ ਗੁਰਜੀਤ ਔਜਲਾ ਨੇ ਰਿੰਗੋ ਰੇਲਵੇ ਬ੍ਰਿਜ ਦਾ ਮੁੱਦਾ ਕੇਂਦਰੀ ਰੇਲ ਮੰਤਰੀ ਕੋਲ ਚੁੱਕਿਆ