ਅੰਮ੍ਰਿਤਸਰ: ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਹਿਟ ਐਂਡ ਰਨ ਕਾਨੂੰਨ ਪਾਸ ਕੀਤਾ ਜਾ ਰਿਹਾ ਤੇ ਉਸ ਦਾ ਵਿਰੋਧ ਟਰਾਂਸਪੋਰਟਰਾਂ ਅਤੇ ਡਰਾਈਵਰਾਂ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਡਰਾਈਵਰ ਤਰਕ ਦੇ ਰਹੇ ਸਨ ਕਿ ਅਗਰ ਡਰਾਈਵਰ ਮੌਕੇ 'ਤੇ ਐਕਸੀਡੈਂਟ ਕਰਨ ਤੋਂ ਬਾਅਦ ਮੌਜੂਦ ਰਹਿੰਦਾ ਹੈ ਤਾਂ ਰਾਹਗੀਰ ਉਸ ਨਾਲ ਕੁੱਟਮਾਰ ਕਰ ਸਕਦੇ ਹਨ। ਇਸ ਦੀ ਹੀ ਤਾਜ਼ਾ ਉਦਾਹਰਣ ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਦੇਖਣ ਨੂੰ ਮਿਲੀ ਜਿੱਥੇ ਕਿ ਇੱਕ ਸ਼ਰਾਬੀ ਹਾਲਤ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਚਾਰ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ। ਜਿਸ ਦੇ ਨਾਲ ਦੋ ਨੌਜਵਾਨ ਵੀ ਜ਼ਖਮੀ ਹੋਏ ਅਤੇ ਜਦੋਂ ਕਾਰ ਸਵਾਰ ਪੁਲਿਸ ਮੁਲਾਜ਼ਮ ਰੁੱਕ ਗਿਆ ਅਤੇ ਉੱਥੇ ਮੌਕੇ 'ਤੇ ਮੌਜੂਦ ਲੋਕ ਉਸ ਨਾਲ ਝਗੜਾ ਕਰਨ ਲੱਗੇ ਤੇ ਪੁਲਿਸ ਮੁਲਾਜ਼ਮ ਦੀ ਬੁਰੀ ਤਰੀਕੇ ਕੁੱਟਮਾਰ ਵੀ ਕੀਤੀ। ਜਿਸ ਤੋਂ ਬਾਅਦ ਮੌਕੇ 'ਤੇ ਨਜ਼ਦੀਕੀ ਪੁਲਿਸ ਚੌਂਕੀ ਦੇ ਕੁਝ ਮੁਲਾਜ਼ਮਾਂ ਨੇ ਆ ਕੇ ਕਾਰ ਚਾਲਕ ਪੁਲਿਸ ਮੁਲਾਜ਼ਮ ਦੀ ਜਾਨ ਬਚਾਈ।
ਸ਼ਰਾਬ ਦੇ ਨਸ਼ੇ 'ਚ ਪੁਲਿਸ ਮੁਲਾਜ਼ਮ ਨੇ ਕੀਤਾ ਐਕਸੀਡੈਂਟ : ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਵੱਲੋਂ ਸ਼ਰਾਬ ਪੀਤੀ ਹੋਈ ਸੀ ਅਤੇ ਤੇਜ਼ ਰਫਤਾਰ ਵਿੱਚ ਉਹ ਆਇਆ ਤੇ ਉਸਨੇ ਚਾਰ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ। ਚਸ਼ਮਦੀਦਾਂ ਤੇ ਰਾਹਗੀਰਾਂ ਦਾ ਕਹਿਣਾ ਸੀ ਕਿ ਪੁਲਿਸ ਮੁਲਾਜ਼ਮ ਨੇ ਸ਼ਰਾਬ ਪੀਤੀ ਹੋਈ ਹੈ ਜਿਸ ਕਰਕੇ ਕਾਰ ਉਹਦੇ ਕੋਲੋਂ ਸੰਭਾਲੀ ਨਹੀਂ ਗਈ। ਉਥੇ ਹੀ ਪੁਲਿਸ ਮੁਲਾਜ਼ਮ ਵੱਲੋਂ ਹਾਦਸਾ ਹੋਣ ਤੋਂ ਬਾਅਦ ਮੁਆਫੀ ਮੰਗਣ ਦੀ ਬਜਾਏ ਉਲਟਾ ਹਾਦਸੇ ਦੇ ਸ਼ਿਕਾਰ ਲੋਕਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਕੁੱਟਮਾਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਜਿਸ ਕਾਰਨ ਮੌਕੇ 'ਤੇ ਮੌਜੂਦ ਲੋਕਾਂ ਨੇ ਸ਼ਰਾਬੀ ਮੁਲਾਜ਼ਮ ਦੀ ਕੁੱਟਮਾਰ ਕੀਤੀ। ਇਸ ਹਾਦਸੇ ਵਿੱਚ ਹਾਲਾਂਕਿ ਕੋਈ ਬਹੁਤ ਜ਼ਿਆਦਾ ਜ਼ਖਮੀ ਜਾਂ ਫਿਰ ਕੋਈ ਜਾਣੀ ਨੁਕਸਾਨ ਨਹੀਂ ਹੋਇਆ। ਪਰ ਲੋਕਾਂ ਦੀ ਮੰਗ ਹੈ ਕਿ ਇਸ ਮੁਲਜ਼ਮ ਨੂੰ ਸਜ਼ਾ ਦਿੱਤੀ ਜਾਵੇ ਤੇ ਲੋਕਾਂ ਦੇ ਨੁਕਸਾਨ ਦੀ ਬਣਦੀ ਭਰਭਾਈ ਕੀਤੀ ਜਾਵੇ।
ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਦੇ ਰਿਹਾ ਭਰੋਸਾ : ਦੂਜੇ ਪਾਸੇ ਇਸ ਮਾਮਲੇ 'ਚ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਦਾ ਇੱਕ ਪੁਲਿਸ ਮੁਲਾਜ਼ਮ ਕਾਰ 'ਚ ਸਵਾਰ ਹੋ ਕੇ ਆ ਰਿਹਾ ਸੀ। ਉਸ ਵੱਲੋਂ ਸ਼ਰਾਬ ਪੀਤੀ ਹੋਣ ਕਰਕੇ ਉਸ ਦੀ ਗੱਡੀ ਦਾ ਬੈਲੇਂਸ ਵਿਗੜ ਗਿਆ ਅਤੇ ਉਸ ਨੇ ਰਾਹ ਜਾਂਦੀਆਂ ਗੱਡੀਆਂ ਅਤੇ ਰਾਹਗੀਰਾਂ ਨੂੰ ਟੱਕਰ ਮਾਰ ਦਿੱਤੀ। ਬੇਕਾਬੂ ਕਾਰ ਸੜਕ ਤੇ ਕਿਨਾਰੇ ਚਾਰ ਮੋਟਰਸਾਈਕਲਾਂ ਨਾਲ ਜਾ ਟਕਰਾਈ ਅਤੇ ਇਸ ਦੌਰਾਨ ਦੋ ਨੌਜਵਾਨ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ ਅਤੇ ਜਿਨਾਂ ਨੌਜਵਾਨਾਂ ਦੇ ਸੱਟਾਂ ਲੱਗੀਆਂ ਹਨ ਜਾਂ ਜਿਨਾਂ ਨੌਜਵਾਨਾਂ ਦੇ ਮੋਟਰਸਾਈਕਲ ਦਾ ਨੁਕਸਾਨ ਹੋਇਆ ਹੈ। ਉਹਨਾਂ ਵੱਲੋਂ ਅਗਰ ਦਰਖਾਸਤ ਦਿੱਤੀ ਜਾਵੇਗੀ ਤਾਂ ਪੁਲਿਸ ਆਪਣੇ ਪੁਲਿਸ ਮੁਲਾਜ਼ਮ ਦੇ ਉੱਪਰ ਹੀ ਬਣਦੀ ਕਾਰਵਾਈ ਜਰੂਰ ਕਰੇਗੀ।