ਅੰਮ੍ਰਿਤਸਰ: ਸੰਨ 1984 ਵਿੱਚ ਜੂਨ 'ਚ ਵਾਪਰੇ ਸਾਕਾ ਨੀਲਾ ਤਾਰਾ ਨੂੰ 35 ਵਰ੍ਹੇ ਹੋ ਗਏ ਹਨ ਤੇ ਅੱਜ ਇਸ ਘੱਲੂਘਾਰੇ ਦੀ ਵਰ੍ਹੇਗੰਢ ਮਨਾਈ ਜਾ ਰਹੀ ਹੈ। ਸਾਕਾ ਨੀਲਾ ਤਾਰਾ ਭਾਰਤੀ ਫ਼ੌਜ ਦੇ ਸਭ ਤੋਂ ਵੱਡੇ ਮੀਸ਼ਨ ਵਿੱਚੋਂ ਇੱਕ ਸੀ।
ਸਾਕਾ ਨੀਲਾ ਤਾਰਾ ਪੰਜਾਬ 'ਚ ਅੱਤਵਾਦ ਨੂੰ ਖ਼ਤਮ ਕਰਨ ਲਈ ਸ਼ੁਰੂ ਹੋਇਆ ਸੀ। ਸੰਗਤਾਂ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇਕੱਠੀਆਂ ਹੋਈਆਂ ਸਨ ਅਤੇ ਉਸ ਸਮੇਂ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ ਸੀ।
ਇਸ ਦੌਰਾਨ ਅਨੇਕਾਂ ਹੀ ਨਿਰਦੋਸ਼, ਮਾਸੂਮ ਅਤੇ ਨਿਹੱਥੇ ਲੋਕਾਂ ਨੂੰ ਮਾਰਿਆ ਗਿਆ ਸੀ। ਆਪਰੇਸ਼ਨ ਬਲੂ ਸਟਾਰ 'ਚ 83 ਫ਼ੌਜੀ ਸ਼ਹੀਦ ਹੋਏ ਸਨ ਅਤੇ 249 ਜ਼ਖ਼ਮੀ ਹੋਏ ਸਨ। ਇਸ ਵਿੱਚ 492 ਆਮ ਲੋਕਾਂ ਦੀ ਜਾਨ ਗਈ ਸੀ ਤੇ 1592 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ।
ਆਪਰੇਸ਼ਨ ਬਲੂ ਸਟਾਰ 3 ਜੂਨ ਤੋਂ 7 ਜੂਨ ਤੱਕ ਲੈ. ਜਨਰਲ ਕੁਲਦੀਪ ਸਿੰਘ ਦੀ ਅਗਵਾਈ ਹੇਠ ਚੱਲਿਆ ਸੀ। ਇਸ ਮੌਕੇ ਗੁਰਦੁਆਰਾ ਕੰਪਲੈਕਸ 'ਚ 51 ਲਾਈਟ ਮਸ਼ੀਨ ਗੰਨਾਂ ਬਰਾਮਦ ਹੋਈਆਂ ਸਨ। ਸਾਕਾ ਨੀਲਾ ਤਾਰਾ ਦਾ ਸੰਤਾਪ ਹੰਢਾਉਣ ਵਾਲੇ ਪੀੜਤਾਂ ਦੇ ਜ਼ਖ਼ਮ ਅੱਜ ਵੀ ਨਹੀਂ ਭਰੇ। ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਕਾ ਨੀਲਾ ਤਾਰਾ ਦੀ 35ਵੀਂ ਵਰ੍ਹੇਗੰਢ ਸ਼ਾਂਤੀ-ਪੂਰਵਕ ਮਨਾਉਣ ਦੀ ਅਪੀਲ ਕੀਤੀ ਹੈ।