ਅੰਮ੍ਰਿਤਸਰ: ਸਿੱਖ ਕੌਮ ਦੇ ਮਹਾਨ ਸ਼ਾਸਕ ਸ਼ੇਰੇ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ (Maharaj Ranjit Singh) ਜੀ ਦੀ ਬਰਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਸੰਗਤ ਦੇ ਸਹਿਯੋਗ ਦੇ ਨਾਲ ਸਰਧਾ ਭਾਵਨਾ ਨਾਲ ਮਨਾਈ ਗਈ। ਬਰਸੀ ਨੂੰ ਲੈਕੇ ਸੱਚ ਖੰਡ ਸ਼੍ਰੀ ਹਰੀਮੰਦਿਰ ਸਾਹਿਬ ਵਿੱਚ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਇੱਕ ਧਾਰਮਿਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਹਾਜ਼ਰੀ ਭਰੀ। ਇਸ ਦੌਰਾਨ ਪਿਛਲੇ ਦਿਨਾਂ ਤੋਂ ਆਰੰਭੇ ਗਏ ਅਖੰਡ ਪਾਠ ਦੇ ਭੋਗ ਵੀ ਪਾਏ ਗਏ। ਇਸ ਮੌਕੇ ਹਜੂਰੀ ਰਾਗੀ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕਰ ਸੰਗਤ ਨੂੰ ਨਿਹਾਲ ਕੀਤਾ ਗਿਆ।
ਇਸ ਮੌਕੇ ਐਸਜੀਪੀਸੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਜਾ ਰਣਜੀਤ ਸਿੰਘ ਤੇ ਉਨ੍ਹਾਂ ਦੇ ਰਾਜ ਤੇ ਚਾਨਣਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਅਜਿਹੀ ਸ਼ਖ਼ਸੀਅਤ ਸਨ ਜਿਨ੍ਹਾਂ ਦੇ ਵਿੱਚ ਗੁਰਮਤਿ ਵਾਲੇ ਗੁਣ ਵੀ ਸਨ ਤੇ ਰਾਜਿਆਂ ਵਾਲੇ ਗੁਣ ਵੀ ਸਨ। ਉਨ੍ਹਾਂ ਕਿਹਾ ਕਿ ਇਹੋ ਕਾਰਨ ਹੈ ਕਿ ਅੱਜ 200 ਸਾਲਾਂ ਬਾਅਦ ਵੀ ਕੋਈ ਵੀ ਉਨ੍ਹਾਂ ਨੂੰ ਯਾਦ ਕਰਦਾ ਹੈ ਤਾਂ ਅਦਬ ਦੇ ਨਾਲ ਉਨ੍ਹਾਂ ਅੱਗੇ ਸਿਰ ਝੁਕਾਉਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਾਲਾਨਾ ਬਰਸੀ ਐੱਸਜੀਪੀਸੀ ਤੇ ਸਿੱਖ ਸੰਗਤ ਦੇ ਵੱਲੋਂ ਸਾਂਝੇ ਸਹਿਯੋਗ ਦੇ ਨਾਲ ਮਨਾਈ ਜਾਂਦੀ ਹੈ।