ਪੈਰਿਸ: ਮਹਿਲਾ ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ 2020 ਦੀ ਆਪਣੀ ਮੁਹਿੰਮ ਦੀ ਸ਼ੁਰੂਆਤ ਬ੍ਰਿਸਬਨ ਵਿੱਚ ਕਰੇਗੀ ਜਿਸ ਲਈ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਵਾਈਲਡ ਕਾਰਡ ਦਿੱਤਾ ਹੈ। ਇਹ 32 ਸਾਲਾ ਰੂਸੀ ਖਿਡਾਰਨ ਅਗਸਤ ਵਿਚ ਯੂਐੱਸ ਓਪਨ ਵਿੱਚ ਆਪਣੀ ਧੁਰ ਵਿਰੋਧੀ ਸੇਰੇਨਾ ਵਿਲੀਅਮਜ਼ ਹੱਥੋਂ ਪਹਿਲੇ ਗੇੜ ਵਿੱਚ ਹਾਰਨ ਤੋਂ ਬਾਅਦ ਕਿਸੇ ਟੂਰਨਾਮੈਂਟ ਵਿਚ ਨਹੀਂ ਖੇਡੀ ਹੈ।
ਸ਼ਾਰਾਪੋਵਾ ਨੇ ਇੰਸਟਾਗ੍ਰਾਮ 'ਤੇ ਵੀਡੀਓ ਸੁਨੇਹੇ ਵਿੱਚ ਕਿਹਾ ਕਿ 'ਹੈਲੋ ਬ੍ਰਿਸਬਨ। ਮੈਨੂੰ ਤੁਹਾਡੀ ਬਹੁਤ ਘਾਟ ਰੜਕੀ ਤੇ ਮੈਂ ਆਪਣੇ ਸੈਸ਼ਨ ਦੀ ਸ਼ੁਰੂਆਤ ਤੁਹਾਡੇ ਟੂਰਨਾਮੈਂਟ ਤੇ ਤੁਹਾਡੇ ਸ਼ਹਿਰ ਵਿੱਚ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਤ ਹਾਂ। ਸ਼ਾਰਾਪੋਵਾ 2019 ਸੈਸ਼ਨ ਵਿੱਚ ਮੋਢੇ ਦੀ ਸੱਟ ਨਾਲ ਜੂਝਦੀ ਰਹੀ ਤੇ ਇਸ ਕਾਰਨ ਸਿਰਫ਼ 15 ਮੈਚ ਹੀ ਖੇਡ ਸਕੀ। ਇਸ ਨਾਲ ਉਹ ਵਿਸ਼ਵ ਰੈਂਕਿੰਗ ਵਿੱਚ 133ਵੇਂ ਸਥਾਨ 'ਤੇ ਖ਼ਿਸਕ ਗਈ। ਉਨ੍ਹਾਂ ਨੇ 2015 ਵਿੱਚ ਬ੍ਰਿਸਬਨ ਓਪਨ ਦਾ ਖ਼ਿਤਾਬ ਜਿੱਤਿਆ ਸੀ। ਇਸ ਵਾਰ ਇਹ ਟੂਰਨਾਮੈਂਟ ਸੋਮਵਾਰ ਤੋਂ ਸ਼ੁਰੂ ਹੋਵੇਗਾ। ਡੋਪਿੰਗ ਸਬੰਧੀ ਪਾਬੰਦੀ ਸਮਾਪਤ ਹੋਣ ਤੋਂ ਬਾਅਦ ਇਸ ਸਾਲ ਸ਼ਾਰਾਪੋਵਾ ਮੋਢੇ ਦੀ ਸੱਟ ਤੋਂ ਪਰੇਸ਼ਾਨ ਰਹੀ। ਉਹ ਇਸ ਕਾਰਨ ਸਿਰਫ਼ ਅੱਠ ਟੂਰਨਾਮੈਂਟ ਤੇ 15 ਮੈਚ ਖੇਡ ਸਕੀ।