ਨੂਰ ਸੁਲਤਾਨ (ਕਜ਼ਾਕਿਸਤਾਨ): ਰਾਸ਼ਟਰੀ ਟੈਨਿਸ ਸੈਂਟਰ ਵਿੱਚ ਚੱਲ ਰਹੇ ਡੇਵਿਸ ਕੱਪ ਦੇ ਏਸ਼ੀਆ-ਓਸ਼ੇਨੀਆ ਦੇ ਪਹਿਲੇ ਗੇੜ ਵਿੱਚ ਭਾਰਤ ਨੇ ਪਾਕਿਸਤਾਨ ਨੂੰ 3-0 ਦੀ ਅਜੇਤੂ ਲੀਡ ਬਣਾ ਲਈ ਹੈ। ਮੈਚਾਂ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਭਾਰਤ ਨੇ ਆਪਣੇ ਸਿੰਗਲ ਮੈਚ ਜਿੱਤੇ ਅਤੇ ਫਿਰ ਸ਼ਨੀਵਾਰ ਨੂੰ ਭਾਰਤ ਨੇ ਡਬਲਜ਼ ਜਿੱਤ ਕੇ ਮੈਚ ਜਿੱਤ ਲਿਆ।
ਸ਼ਨੀਵਾਰ ਨੂੰ ਭਾਰਤ ਲਈ ਖੇਡਦੇ ਜੀਵਨ ਨੇਦੂਨਚੇਜ਼ੀਅਨ ਅਤੇ ਲਿਏਂਡਰ ਪੇਸ ਨੇ ਅਬਦੁੱਲ ਰਹਿਮਾਨ ਅਤੇ ਸ਼ੋਏਬ ਮੁਹੰਮਦ ਦੀ ਜੋੜੀ ਨੂੰ 6-1, 6–3 ਨਾਲ ਹਰਾਇਆ। ਇਹ ਮੈਚ 53 ਮਿੰਟ ਤੱਕ ਚੱਲਿਆ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰਾਮਕੁਮਾਰ ਰਮਨਾਥਨ ਅਤੇ ਸੁਮਿਤ ਨਾਗਲ ਦੀਆਂ ਆਪੋ ਆਪਣੀਆਂ ਜਿੱਤਾਂ ਨਾਲ ਭਾਰਤ ਨੂੰ 2-0 ਦੀ ਬੜ੍ਹਤ ਮਿਲੀ ਸੀ।
ਰਾਮਕੁਮਾਰ ਨੇ 42-ਮਿੰਟ ਦੇ ਮੈਚ ਵਿੱਚ 17 ਸਾਲਾ ਮੁਹੰਮਦ ਸ਼ੋਏਬ ਨੂੰ 6-0, 6-0 ਨਾਲ ਹਰਾਇਆ। ਇਸ ਦੇ ਨਾਲ ਹੀ ਸੁਮਿਤ ਦੀ ਹੁਫਾਈਜਾ ਮੁਹੰਮਦ ਰਹਿਮਾਨ 'ਤੇ 6-0, 6-2 ਦੀ ਜਿੱਤ ਨਾਲ ਭਾਰਤ ਨੂੰ ਬੜ੍ਹਤ ਮਿਲੀ। ਮੈਚ ਸਤੰਬਰ ਵਿੱਚ ਇਸਲਾਮਾਬਾਦ ਵਿੱਚ ਹੋਣਾ ਸੀ ਪਰ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸੰਬੰਧਾਂ ਦੇ ਕਾਰਨ ਭਾਰਤ ਨੇ ਮੈਚ ਦੇ ਸਥਾਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ।
ਇਸ ਮੈਚ ਦੀ ਜੇਤੂ 6 ਤੋਂ 7 ਮਾਰਚ ਤੱਕ ਖੇਡੀ ਜਾਣ ਵਾਲੀ ਵਰਲਡ ਗਰੁੱਪ ਕੁਆਲੀਫਾਇਰ ਲਈ ਕ੍ਰੋਏਸ਼ੀਆ ਜਾਵੇਗੀ।