ਮੈਲਬਰਨ: ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਦਾ ਧੂੰਆ ਆਮ ਲੋਕਾਂ ਦੇ ਨਾਲ-ਨਾਲ ਉਥੇ ਚੱਲ ਰਹੇ ਆਸਟ੍ਰੇਲੀਅਨ ਓਪਨ ਦੇ ਖਿਡਾਰੀਆਂ ਲਈ ਮੁਸੀਬਤ ਬਣ ਗਿਆ ਹੈ। ਧੂੰਏ ਕਾਰਨ ਹੋ ਰਹੀ ਪਰੇਸ਼ਾਨੀ ਤੋਂ ਬਾਅਦ ਸਲੋਵੇਨੀਆ ਦੇਸ਼ ਦੀ ਟੈਨਿਸ ਖਿਡਾਰਨ ਡਾਲੀਲਾ ਜਕੂਪੋਵਿਕ ਨੇ ਮੁਕਾਬਲਾ ਵਿਚਾਲੇ ਹੀ ਛੱਡ ਦਿੱਤਾ ਹੈ।
ਡਾਲੀਲਾ ਜਕੂਪੋਵਿਕ ਨੂੰ ਧੂੰਏ ਕਾਰਨ ਖੰਗ ਦੀ ਪਰੇਸ਼ਾਨੀ ਹੋ ਰਹੀ ਸੀ ਜਿਸ ਕਾਰਨ ਉਸ ਨੂੰ ਮੁਕਾਬਲੇ ਦੇ ਵਿਚਾਲੇ ਹੀ ਸੰਨਿਆਸ ਲੈਣਾ ਪੈ ਗਿਆ। ਇਸ ਦੇ ਲਈ ਉਨ੍ਹਾਂ ਨੇ ਆਸਟ੍ਰੇਲੀਅਨ ਓਪਨ ਦੇ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਡਾਲੀਲਾ ਜਕੂਪੋਵਿਕ ਨੇ ਕਿਹਾ ਉਨ੍ਹਾਂ ਨੂੰ ਪ੍ਰਬੰਧਕਾਂ ਤੋਂ ਚੰਗੇ ਪ੍ਰਬੰਧਾਂ ਦੀ ਉਮੀਦ ਸੀ।
ਡਾਲੀਲਾ ਜਕੂਪੋਵਿਕ ਸਵਿਟਰਜ਼ਰਲੈਂਡ ਦੀ ਸਟੇਫਨੀ ਵੋਗਲੇ ਤੋਂ 6-4, 5-6 ਨਾਲ ਅੱਗੇ ਚੱਲ ਰਹੀ ਸੀ ਪਰ ਮੁਕਾਬਲਾ ਅੱਗੇ ਜਾਰੀ ਨਾ ਰੱਖ ਸਕਣ ਕਾਰਨ ਉਨ੍ਹਾਂ ਨੂੰ ਪਹਿਲਾਂ ਹੀ ਸੰਨਿਆਸ ਲੈਣਾ ਪੈ ਗਿਆ। ਉਨ੍ਹਾਂ ਕਿਹਾ, "ਸਾਨੂੰ ਥੋੜ੍ਹੀ ਨਿਰਾਸ਼ਾ ਹੋਈ ਹੈ ਕਿਉਂਕਿ ਸਾਨੂੰ ਲੱਗਿਆ ਸੀ ਕਿ ਸਾਡਾ ਚੰਗੀ ਤਰ੍ਹਾਂ ਧਿਆਨ ਰੱਖਿਆ ਜਾਵੇਗਾ। ਇਥੋਂ ਤੱਕ ਕਿ ਮੇਰੀ ਵਿਰੋਧੀ ਖਿਡਾਰਨ ਵੀ ਇਸੇ ਸਮੱਸਿਆ ਕਾਰਨ ਜੂਝ ਰਹੀ ਹੈ। ਹਾਲਾਂਕਿ ਮੇਰੇ ਜਿੰਨੀ ਤਾਂ ਨਹੀਂ ਪਰ ਉਸ ਨੂੰ ਰੋਜ਼ਾਨਾ ਵਾਂਗ ਸਾਹ ਲੈਣ 'ਚ ਤਕਲੀਫ਼ ਹੋ ਰਹੀ ਹੈ।"
ਉਨ੍ਹਾਂ ਨੇ ਅੱਗੇ ਕਿਹਾ ਕਿ ਅਜਿਹੀਆਂ ਸਮੱਸਿਆਵਾਂ ਨਾਲ ਕਿਸੇ ਨਾਲ ਮੁਕਾਬਲਾ ਔਖਾ ਹੈ। ਇਹ ਆਦਰਸ਼ ਸਥਿਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਪ੍ਰਬੰਧਕਾਂ ਨੂੰ ਜਾਣੂ ਕਰਵਾਇਆ ਗਿਆ ਪਰ ਜਵਾਬ ਮਿਲਿਆ ਕਿ ਜਾਂਚ ਕੀਤੀ ਗਈ ਹੈ, ਹਵਾ ਠੀਕ ਹੈ।
ਜਕੂਪੋਵਿਕ ਨੇ ਦੱਸਿਆ, "ਬੇਸ਼ੱਕ ਇਹ ਪ੍ਰਦੂਸ਼ਣ ਨਹੀਂ ਹੈ, ਇਹ ਧੂੰਆ ਹੈ ਅਤੇ ਅਸੀਂ ਅਜਿਹੇ ਹਾਲਾਤਾਂ ਨੂੰ ਸਹਿਣ ਲਈ ਆਦੀ ਨਹੀਂ ਹਾਂ। ਅਸੀਂ ਚੀਨ ਵਰਗੇ ਪ੍ਰਦੂਸ਼ਿਤ ਕਈ ਥਾਂਵਾਂ 'ਤੇ ਖੇਡਦੇ ਹਾਂ ਪਰ ਇਹ ਧੂੰਆ ਹੈ। ਇਹ ਉਹ ਅਨੁਭਵ ਹੈ ਜੋ ਅਸੀਂ ਰੋਜ਼ਾਨਾ ਦੀ ਜ਼ਿੰਦਗੀ 'ਚ ਮਹਿਸੂਸ ਨਹੀਂ ਕਰਦੇ।"
ਦੱਸ ਦੇਈਏ ਕਿ ਆਸਟ੍ਰੇਲੀਅਨ ਓਪਨ 'ਚ ਜਿਨ੍ਹਾਂ ਖਿਡਾਰੀਆਂ ਨੇ ਕੁਆਲੀਫਾਈ ਕੀਤਾ ਹੈ ਉਨ੍ਹਾਂ ਨੇ ਧੂੰਏ ਕਾਰਨ ਮੰਗਲਵਾਰ ਨੂੰ ਆਪਣਾ ਅਭਿਆਸ ਰੱਦ ਕਰ ਦਿੱਤਾ।