ਟੋਕਿਓ : ਟੋਕਿਓ ਓਲੰਪਿਕ 2020 ਦਾ ਬਜ਼ਟ 12.6 ਅਰਬ ਡਾਲਰ (1.35 ਖਰਬ ਯੈਨ) ਦੇ ਲਗਭਗ ਰਹਿਣ ਦੀ ਸੰਭਾਵਨਾ ਹੈ। ਪ੍ਰਬੰਧਕਾਂ ਨੇ ਓਲੰਪਿਕ ਦਾ ਅੰਤਿਮ ਬਜ਼ਟ ਪੇਸ਼ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਗਰਮੀ ਤੋਂ ਬਚਣ ਦੀਆਂ ਕੋਸ਼ਿਸ਼ਾਂ ਦੇ ਕਾਰਨ ਕੁੱਲ ਬਜ਼ਟ ਵਿੱਚ ਇਜ਼ਾਫ਼ਾ ਹੋ ਗਿਆ ਹੈ।
ਅਧਿਕਾਰੀਆਂ ਨੇ ਸਵੀਕਾਰ ਕੀਤਾ ਹੈ ਕਿ ਇਸ ਬਜ਼ਟ ਵਿੱਚ ਮੈਰਾਥਨ ਅਤੇ ਪੈਦਲ ਚਾਲ ਦੀ ਮੇਜ਼ਬਾਨੀ ਸਾਪੋਰੋ ਨੂੰ ਦਿੱਤੇ ਜਾਣ ਕਾਰਨ ਇੰਨ੍ਹਾਂ ਮੁਕਾਬਲਿਆਂ ਦਾ 3 ਅਰਬ ਯੈਨ ਦਾ ਬਜ਼ਟ ਸ਼ਾਮਿਲ ਨਹੀਂ ਹੈ ਕਿਉਂਕਿ ਇਸ ਦੀ ਲਾਗਤ ਚੁੱਕਮ ਨੂੰ ਲੈ ਕੇ ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ ਨਾਲ ਵਿਵਾਦ ਚੱਲ ਰਿਹਾ ਹੈ। ਘਰੇਲੂ ਸਪਾਂਸਰਸ਼ਿਪ ਅਤੇ ਟਿਕਟਾਂ ਦੀ ਵਿਕਰੀ ਤੋਂ ਆਮਦਨ 30 ਅਰਬ ਯੈਨ ਵਧੀ ਹੈ। ਇਸ ਦੇ ਨਾਲ ਹੀ ਆਵਾਜਾਈ ਅਤੇ ਸੁਰੱਖਿਆ ਵਿਵਸਥਾ ਦੇ ਬਜ਼ਟ ਵਿੱਚ ਵਾਧਾ ਹੋਇਆ ਹੈ, ਜਿਸ ਵਿੱਚ ਗਰਮੀ ਨਾਲ ਨਿਪਟਣ ਦੇ ਹੱਲ ਸ਼ਾਮਿਲ ਹਨ।
ਲਗਭਗ 27 ਅਰਬ ਯੈਨ ਦਾ ਆਪਾਤ ਬਜ਼ਟ ਵੀ ਰੱਖਿਆ ਗਿਆ ਹੈ ਜੋ ਕੁਦਰਤੀ ਮੁਸ਼ਕਿਲਾਂ ਨਾਲ ਨਿਪਟਣ ਲਈ ਹੋਵੇਗਾ। ਪ੍ਰਬੰਧਕਾਂ ਨੇ ਗਰਮੀ ਅਤੇ ਹੁੰਮਸ ਤੋਂ ਬਚਾਅ ਲਈ ਕਈ ਯੋਜਨਾਵਾਂ ਬਣਾਈਆਂ ਹਨ ਜਿਸ ਵਿੱਚ ਪਾਣੀ ਦਾ ਛਿੜਕਾਅ ਅਤੇ ਸੜਕਾਂ ਉੱਤੇ ਗਰਮੀ ਰੋਕਣ ਵਾਲੀ ਪੁਤਾਈ ਸ਼ਾਮਿਲ ਹੈ।
ਇਸ ਤੋਂ ਪਹਿਲਾਂ ਲਾਸ-ਐਂਜੇਲਸ ਨੇ 2028 ਓਲੰਪਿਕ ਲਈ 6.9 ਅਰਬ ਡਾਲਰ ਦੇ ਬਜ਼ਟ ਦਾ ਐਲਾਨ ਕਰਦੇ ਹੋਏ ਘੱਟ ਲਾਗਤ ਵਿੱਚ ਸਫ਼ਲ ਖੇਡਾਂ ਦੇ ਪ੍ਰਬੰਧ ਦਾ ਵਾਅਦਾ ਕੀਤਾ ਹੈ। ਪੈਰਿਸ ਓਲੰਪਿਕ 2024 ਦਾ ਬਜ਼ਟ 7.6 ਅਰਬ ਡਾਲਰ ਹੈ।