ਟੋਕੀਓ: ਸਾਤਵਿਕਸਾਈਰਾਜ ਰੈਂਕੀਰੈੱਡੀ (Satwiksairaj Rankireddy) ਅਤੇ ਚਿਰਾਗ ਸ਼ੈਟੀ (Chirag Shetty) ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਸ਼ੁੱਕਰਵਾਰ ਨੂੰ ਇੱਥੇ ਸੈਮੀਫਾਈਨਲ ਵਿੱਚ ਮਲੇਸ਼ੀਆ ਦੇ ਆਰੋਨ ਚਿਆ ਅਤੇ ਸੋਹ ਵੂਈ ਯਿਕ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਤੋਂ ਹਾਰ ਕੇ 2022 ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ (world badminton championship 2022) ਵਿੱਚ ਆਪਣਾ ਪਹਿਲਾ ਕਾਂਸੀ ਦਾ ਤਗ਼ਮਾ ਜਿੱਤ ਕੇ ਆਪਣੀ ਮੁਹਿੰਮ ਦਾ ਅੰਤ ਕਰ ਦਿੱਤਾ।
ਦੁਨੀਆ ਦੀ ਸੱਤਵੇਂ ਨੰਬਰ ਦੀ ਭਾਰਤੀ ਜੋੜੀ ਪਹਿਲੀ ਗੇਮ ਵਿੱਚ ਜਿੱਤ ਦਾ ਫਾਇਦਾ ਨਹੀਂ ਚੁੱਕ ਸਕੀ ਅਤੇ 77 ਮਿੰਟ ਤੱਕ ਚੱਲੇ ਮੈਚ ਵਿੱਚ 22-20, 18-21, 16-21 ਨਾਲ ਹਾਰ ਗਈ। ਸਾਤਵਿਕ ਅਤੇ ਚਿਰਾਗ ਦੀ ਮਲੇਸ਼ੀਆ ਦੀ ਜੋੜੀ ਦੇ ਹੱਥੋਂ ਇਹ ਲਗਾਤਾਰ ਛੇਵੀਂ ਹਾਰ ਹੈ। ਉਹ ਇਸ ਮਹੀਨੇ ਦੇ ਸ਼ੁਰੂ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਮਿਕਸਡ ਟੀਮ ਫਾਈਨਲ ਵਿੱਚ ਵੀ ਇਸ ਜੋੜੀ ਤੋਂ ਹਾਰ ਗਏ ਸਨ। ਇਸ ਹਾਰ ਦੇ ਬਾਵਜੂਦ ਭਾਰਤੀ ਜੋੜੀ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਭਾਰਤ ਦਾ ਤਗ਼ਮਾ ਪੱਕਾ ਕੀਤਾ। ਭਾਰਤ ਨੇ 2011 ਤੋਂ ਬਾਅਦ ਇਸ ਮੁਕਾਬਲੇ ਵਿੱਚ ਹਮੇਸ਼ਾ ਤਗਮੇ ਜਿੱਤੇ ਹਨ।
ਵਿਸ਼ਵ ਚੈਂਪੀਅਨਸ਼ਿਪ ਵਿੱਚ ਡਬਲਜ਼ ਵਿੱਚ ਇਹ ਭਾਰਤ ਦਾ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਜਵਾਲਾ ਗੁੱਟਾ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਨੇ 2011 ਵਿੱਚ ਮਹਿਲਾ ਡਬਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਇਹ ਕੁੱਲ 13ਵਾਂ ਤਮਗਾ ਹੈ। ਪੀਵੀ ਸਿੰਧੂ ਨੇ 2019 ਵਿੱਚ ਇੱਕ ਸੋਨ ਤਗਮੇ ਸਮੇਤ ਇਸ ਮੁਕਾਬਲੇ ਵਿੱਚ ਕੁੱਲ ਪੰਜ ਤਗਮੇ ਜਿੱਤੇ ਹਨ ਜਦਕਿ ਸਾਇਨਾ ਨੇਹਵਾਲ ਨੇ ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ ਹੈ। ਇਨ੍ਹਾਂ ਤੋਂ ਇਲਾਵਾ ਕਿਦਾਂਬੀ ਸ਼੍ਰੀਕਾਂਤ ਨੇ ਚਾਂਦੀ, ਲਕਸ਼ਯ ਸੇਨ, ਬੀ ਸਾਈ ਪ੍ਰਣੀਤ ਅਤੇ ਪ੍ਰਕਾਸ਼ ਪਾਦੁਕੋਣ ਨੇ ਕਾਂਸੀ ਦੇ ਤਗਮੇ ਜਿੱਤੇ ਹਨ। (ਪੀਟੀਆਈ-ਭਾਸ਼ਾ)
ਇਹ ਵੀ ਪੜ੍ਹੋ: ਨੀਰਜ ਚੋਪੜਾ ਨੇ ਮੁੜ ਰਚਿਆ ਇਤਿਹਾਸ, Lausanne Diamond League 2022 ਦਾ ਜਿੱਤਿਆ ਖਿਤਾਬ