ਨਵੀਂ ਦਿੱਲੀ: ਟੋਕਿਓ ਓਲੰਪਿਕ 2020 ਨੂੰ ਕੋਰੋਨਾ ਵਾਇਰਸ ਦੇ ਮੱਦੇਨਜ਼ਰ 2021 ਤੱਕ ਮੁਲਤਵੀ ਕੀਤੇ ਜਾਣ ਤੋਂ ਬਾਅਦ ਓਲੰਪਿਕ ਕਮੇਟੀ ਨੇ ਓਲੰਪਿਕ ਲਈ ਨਵੀਂ ਕੁਆਲੀਫਿਕੇਸ਼ਨ ਸਮਾਂ ਹੱਦ 29 ਜੂਨ 2021 ਤੈਅ ਕਰ ਦਿੱਤੀ ਹੈ। ਇਸ ਦੇ ਨਾਲ ਹੀ ਖੇਡਾਂ ਦੀ ਐਂਟਰੀ ਦੀ ਸਮਾਂ ਹੱਦ 5 ਜੁਲਾਈ ਨਿਰਧਾਰਤ ਕੀਤੀ ਗਈ ਹੈ। ਆਈਓਸੀ ਨੇ ਸਾਰੀਆਂ ਰਾਸ਼ਟਰੀ ਓਲੰਪਿਕ ਕਮੇਟੀਆਂ ਨੂੰ ਭੇਜੇ ਗਏ ਪੱਤਰ ਵਿੱਚ ਓਲੰਪਿਕ ਕੁਆਲੀਫਿਕੇਸ਼ਨ ਲਈ ਨਵੀਆਂ ਮਿਤੀਆਂ ਨਿਰਧਾਰਤ ਕੀਤੀਆਂ ਹਨ।
ਦੱਸ ਦਈਏ ਕਿ ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਨੂੰ ਲੈ ਕੇ ਟੇਕਿਓ ਓਲੰਪਿਕ 2020 ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇਸ ਦਾ ਆਯੋਜਨ ਅਗਲੇ ਸਾਲ ਯਾਨੀ ਕਿ ਸਾਲ 2021 ਵਿੱਚ 23 ਜੁਲਾਈ ਤੋਂ 8 ਅਗਸਤ ਤੱਕ ਕੀਤਾ ਜਾਵੇਗਾ। ਨਵੀਂ ਸੋਧੀ ਹੋਈ ਕੁਆਲੀਫਿਕੇਸ਼ਨ ਪ੍ਰਕਿਰਿਆ ਨੂੰ ਕੁਆਲੀਫਿਕੇਸ਼ਨ ਟਾਸਕ ਫੋਰਸ ਨੇ ਮਨਜ਼ੂਰੀ ਦੇ ਕੇ ਇਸ ਬਾਰੇ ਕੌਮਾਂਤਰੀ ਮਹਾਂਸੰਘ ਨੂੰ ਸੂਚਿਤ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਆਈਓਸੀ ਨੇ ਦੱਸਿਆ ਕਿ ਪਹਿਲਾਂ ਹੀ ਜਿਹੜੇ ਖਿਡਾਰੀ ਓਲੰਪਿਕ ਕੋਟਾ ਹਾਸਿਲ ਕਰ ਚੁੱਕੇ ਹਨ ਉਨ੍ਹਾਂ ਦਾ ਕੋਟਾ ਬਰਕਰਾਰ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੁਆਲੀਫਿਕੇਨ ਪ੍ਰਕਿਰਿਆ ਦੀ ਸੋਧ ਨੂੰ ਜਲਦੀ ਤੋਂ ਜਲਦੀ ਆਖ਼ਰੀ ਰੂਪ ਦੇ ਦਿੱਤਾ ਜਾਵੇਗਾ ਜਿਸ ਨੂੰ ਐਥਲੀਟ ਤੇ ਰਾਸ਼ਟਰੀ ਓਲੰਪਿਕ ਕਮੇਟੀਆਂ ਮੰਨ ਸਕਣ।