ਮੈਲਬੌਰਨ: ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਰਾਫੇਲ ਨਡਾਲ (Rafael Nadal) ਨੇ ਐਤਵਾਰ ਨੂੰ ਇੱਥੇ ਦੋ ਸੈੱਟਾਂ ਦੀ ਹਾਰ ਤੋਂ ਬਾਅਦ ਦਮਦਾਰ ਵਾਪਸੀ ਕਰਦੇ ਹੋਏ ਦਾਨਿਲ ਮੇਦਵੇਦੇਵ ਨੂੰ ਹਰਾ ਕੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ (Australian Open Tennis Tournament) ਦਾ ਖਿਤਾਬ ਜਿੱਤ ਲਿਆ ਅਤੇ 21 ਪੁਰਸ਼ ਸਿੰਗਲਜ਼ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲਾ ਵਿਸ਼ਵ ਦਾ ਪਹਿਲਾ ਖਿਡਾਰੀ ਬਣ ਗਿਆ। ਸਪੇਨ ਦੇ 35 ਸਾਲਾ ਨਡਾਲ ਨੇ ਪੁਰਸ਼ ਸਿੰਗਲਜ਼ ਵਿੱਚ 21 ਦੇ ਨਾਲ ਸਭ ਤੋਂ ਵੱਧ ਗ੍ਰੈਂਡ ਸਲੈਮ ਖ਼ਿਤਾਬ ਜਿੱਤਣ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ ਹੈ।
ਛੇਵਾਂ ਦਰਜਾ ਪ੍ਰਾਪਤ ਨਡਾਲ ਨੇ ਪਹਿਲੇ ਦੋ ਸੈੱਟ ਗੁਆਉਣ ਤੋਂ ਬਾਅਦ ਪੰਜ ਘੰਟੇ 24 ਮਿੰਟ ਤੱਕ ਚੱਲੇ ਮੈਚ ਵਿੱਚ ਦੂਜਾ ਦਰਜਾ ਪ੍ਰਾਪਤ ਰੂਸ ਦੇ ਮੇਦਵੇਦੇਵ ਨੂੰ 2-6, 6-7 (5), 6-4, 6-4, 7-5 ਨਾਲ ਹਰਾਇਆ। ਜਦੋਂ ਨਡਾਲ ਪੰਜਵੇਂ ਅਤੇ ਨਿਰਣਾਇਕ ਸੈੱਟ ਵਿੱਚ 5-4 ਨਾਲ ਚੈਂਪੀਅਨਸ਼ਿਪ ਜਿੱਤਣ ਲਈ ਸਰਵਿਸ ਕਰ ਰਿਹਾ ਸੀ ਤਾਂ ਮੇਦਵੇਦੇਵ ਨੇ ਆਪਣੀ ਸਰਵਿਸ ਤੋੜ ਦਿੱਤੀ। ਹਾਲਾਂਕਿ, ਉਸਨੇ ਆਪਣੀ ਅਗਲੀ ਸਰਵਿਸ 'ਤੇ ਅਜਿਹੀ ਕੋਈ ਗਲਤੀ ਨਹੀਂ ਕੀਤੀ।
ਇਹ ਆਸਟ੍ਰੇਲੀਅਨ ਓਪਨ ਦਾ ਦੂਜਾ ਸਭ ਤੋਂ ਲੰਬਾ ਚੱਲਿਆ ਫਾਈਨਲ ਹੈ। ਇਸ ਤੋਂ ਪਹਿਲਾਂ 2012 ਵਿੱਚ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਪੰਜ ਸੈੱਟਾਂ ਤੱਕ ਚੱਲੇ ਮੈਚ ਵਿੱਚ ਨਡਾਲ ਨੂੰ ਪੰਜ ਘੰਟੇ 53 ਮਿੰਟ ਵਿੱਚ ਹਰਾਇਆ ਸੀ।ਨਡਾਲ ਨੇ ਹੁਣ ਰੋਜਰ ਫੈਡਰਰ ਅਤੇ ਜੋਕੋਵਿਚ ਨਾਲੋਂ ਇੱਕ ਹੋਰ ਗ੍ਰੈਂਡ ਸਲੈਮ ਖਿਤਾਬ ਆਪਣੇ ਨਾਂ ਕੀਤਾ ਹੈ। ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਤਿੰਨਾਂ ਦਾ 20 ਗ੍ਰੈਂਡ ਸਲੈਮ ਖ਼ਿਤਾਬਾਂ ਦਾ ਇੱਕੋ ਜਿਹਾ ਰਿਕਾਰਡ ਸੀ।
ਫਾਈਨਲ ਦੇ ਦੌਰਾਨ ਦੂਜੇ ਸੈੱਟ 'ਚ ਉਸ ਸਮੇਂ ਕੁਝ ਦੇ ਕੇ ਖੇਡ ਰੁਕਿਆ, ਜਦੋਂ ਇਕ ਪ੍ਰਦਰਸ਼ਨਕਾਰੀ ਕੋਰਟ 'ਤੇ ਉੱਤਰ ਆਇਆ। ਨਡਾਲ ਟੈਨਿਸ ਇਤਿਹਾਸ ਵਿੱਚ ਘੱਟੋ-ਘੱਟ ਦੋ ਵਾਰ ਸਾਰੇ ਚਾਰ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲਾ ਚੌਥਾ ਪੁਰਸ਼ ਖਿਡਾਰੀ ਵੀ ਬਣਿਆ।
ਇਹ ਵੀ ਪੜ੍ਹੋ: India West Indies Series: ਰੋਹਿਤ ਕੈਪਟਨ, ਕੁਲਦੀਪ ਯਾਦਵ ਦੀ ਵਾਪਸੀ, ਰਵੀ ਬਿਸ਼ਨੋਈ ਟੀ-20 ਟੀਮ 'ਚ ਸ਼ਾਮਲ