ਨਵੀਂ ਦਿੱਲੀ: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ 11 ਜਨਵਰੀ ਤੋਂ 3 ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਤੋਂ ਪਹਿਲਾਂ ਹੀ ਅਫਗਾਨਿਸਤਾਨ ਦੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਟੀਮ ਦੇ ਤਜ਼ਰਬੇਕਾਰ ਅਤੇ ਖਤਰਨਾਕ ਸਪਿਨ ਗੇਂਦਬਾਜ਼ ਰਾਸ਼ਿਦ ਖਾਨ ਭਾਰਤ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ਼ ਤੋਂ ਬਾਹਰ ਹੋ ਗਏ ਹਨ। ਇਸ ਗੱਲ ਦੀ ਪੁਸ਼ਟੀ ਖੁਦ ਟੀਮ ਦੇ ਕਪਤਾਨ ਇਬਰਾਹਿਮ ਜ਼ਦਰਾਨ ਨੇ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ICC ਵਿਸ਼ਵ ਕੱਪ 2023 ਤੋਂ ਬਾਅਦ ਰਾਸ਼ਿਦ ਖਾਨ ਦੀ ਪਿੱਠ ਦੀ ਸਰਜਰੀ ਹੋਈ ਸੀ, ਜਿਸ ਤੋਂ ਉਹ ਅਜੇ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੇ ਹਨ। ਜਦੋਂ ਉਸ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ, ਉਦੋਂ ਵੀ ਉਸ ਦਾ ਨਾਂ ਸੀ ਪਰ ਬੋਰਡ ਨੇ ਉਸ ਦੇ ਖੇਡਣ ਨੂੰ ਲੈ ਕੇ ਸਸਪੈਂਸ ਬਣਾ ਰੱਖਿਆ ਸੀ। ਹੁਣ ਉਹ ਭਾਰਤ ਖਿਲਾਫ ਸੀਰੀਜ਼ ਤੋਂ ਪੂਰੀ ਤਰ੍ਹਾਂ ਬਾਹਰ ਹੋ ਗਿਆ ਹੈ।
ਜ਼ਦਰਾਨ ਨੇ ਰਾਸ਼ਿਦ ਨੂੰ ਬਾਹਰ ਕੀਤੇ ਜਾਣ ਦੀ ਕੀਤੀ ਪੁਸ਼ਟੀ: ਅਫਗਾਨਿਸਤਾਨ ਦੇ ਕਪਤਾਨ ਇਬਰਾਹਿਮ ਜ਼ਦਰਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, 'ਰਾਸ਼ਿਦ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹੋਏ ਹਨ। ਉਹ ਟੀਮ ਨਾਲ ਯਾਤਰਾ ਕਰ ਰਿਹਾ ਹੈ। ਅਸੀਂ ਉਸ ਦੀ ਵਾਪਸੀ ਦੀ ਉਮੀਦ ਕਰ ਰਹੇ ਹਾਂ ਅਤੇ ਉਹ ਜਲਦੀ ਤੋਂ ਜਲਦੀ ਫਿੱਟ ਹੋ ਜਾਵੇਗਾ। ਅਸੀਂ ਇਸ ਸੀਰੀਜ਼ 'ਚ ਉਸ ਦੀ ਕਮੀ ਮਹਿਸੂਸ ਕਰਾਂਗੇ।
ਅਫਗਾਨਿਸਤਾਨ ਦੀ ਟੀ-20 ਟੀਮ: ਇਬਰਾਹਿਮ ਜ਼ਦਰਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕੇਟ ਕੀਪਰ), ਇਕਰਾਮ ਅਲੀਖਿਲ (ਵਿਕੇਟ ਕੀਪਰ), ਹਜ਼ਰਤੁੱਲਾ ਜ਼ਜ਼ਈ, ਰਹਿਮਤ ਸ਼ਾਹ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ, ਕਰੀਮ ਜਨਤ, ਅਜ਼ਮਤੁੱਲਾ ਉਮਰਜ਼ਈ, ਸ਼ਰਫੂਦੀਨ ਅਸ਼ਰਫ, ਮੁਜੀਬ ਉਰ ਰਹਿਮਾਨ, ਫਜ਼ਲ ਹੱਕ ਫਾਰੂਕੀ, ਫਰੀਦ ਅਹਿਮਦ, ਨਵੀਨ ਉਲ ਹੱਕ, ਨੂਰ ਅਹਿਮਦ, ਮੁਹੰਮਦ ਸਲੀਮ, ਕੈਸ ਅਹਿਮਦ, ਗੁਲਬਦੀਨ ਨਾਇਬ।