ਨਵੀਂ ਦਿੱਲੀ: ਵਿਸ਼ਵ ਚੈਂਪੀਅਨਸ਼ਿਪ ਕਾਂਸੀ ਦਾ ਤਮਗੇ ਜੇਤੂ ਰਵੀ ਕੁਮਾਰ ਨੇ ਇੰਦਰਾ ਗਾਂਧੀ ਸਟੇਡੀਅਮ ਦੇ ਕੇਡੀ ਜਾਧਵ ਕੁਸ਼ਤੀ ਹਾਲ ਵਿੱਚ ਸੀਨੀਅਰ ਏਸ਼ੀਅਨ ਕੁਸ਼ਤੀ ਮੁਕਾਬਲੇ ਵਿੱਚ 57 ਕਿੱਲੋਗ੍ਰਾਮ ਫ੍ਰੀਸਟਾਈਲ ਵਰਗ 'ਚ ਸੋਨੇ ਦਾ ਤਗਮਾ ਜਿੱਤ ਕੇ ਆਪਣੇ ਦੇਸ਼ ਦਾ ਸਨਮਾਨ ਵਧਾਇਆ ਹੈ। ਬਜਰੰਗ ਪੂਨੀਆ, ਗੌਰਵ ਬਾਲਿਅਨ ਅਤੇ ਸੱਤਿਆਵਰਤ ਕਾਦੀਆਂ ਨੇ ਦੇਸ਼ ਨੂੰ ਚਾਂਦੀ ਦੇ ਤਮਗੇ ਜਿੱਤਾ ਕੇ ਮਾਣ ਵਧਾਇਆ।
ਭਾਰਤ ਦੇ ਚਾਰ ਪਹਿਲਵਾਨ ਰਵੀ (57), ਬਜਰੰਗ (65), ਗੌਰਵ (79) ਅਤੇ ਸੱਤਿਆਵਰਤ (97) ਫਾਈਨਲ ਵਿੱਚ ਪਹੁੰਚੇ, ਪਰ ਬਜਰੰਗ, ਗੌਰਵ ਅਤੇ ਸੱਤਿਆਵਰਤ ਨੂੰ ਤਿੰਨੋਂ ਹਾਰਨ ਤੋਂ ਬਾਅਦ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਰਵੀ ਨੇ ਫਾਈਨਲ ਵਿੱਚ ਤਾਜਿਕਸਤਾਨ ਦੇ ਹਿਕਮਤੂਲੋ ਵੋਹੀਦੋਵ ਨੂੰ 10-0 ਨਾਲ ਹਰਾ ਕੇ ਪੂਰੇ ਸਟੇਡੀਅਮ ਨੂੰ ਖੁਸ਼ੀ ਦੇ ਮਾਹੌਲ ਨਾਲ ਭਰ ਦਿੱਤਾ। ਪੁਰਸ਼ਾਂ ਦੇ ਫ੍ਰੀ ਸਟਾਈਲ ਮੁਕਾਬਲੇ 'ਚ ਇਹ ਮੁਕਾਬਲਾ ਭਾਰਤ ਦਾ ਪਹਿਲਾ ਅਤੇ ਪੰਜਵਾਂ ਸੋਨ ਤਮਗਾ ਸੀ।
ਭਾਰਤ ਨੇ ਮੁਕਾਬਲੇ 'ਚ ਗ੍ਰੇਕੋ-ਰੋਮਨ ਸ਼ੈਲੀ ਵਿੱਚ ਇੱਕ ਸੋਨੇ ਤੇ ਚਾਰ ਕਾਂਸੀ ਅਤੇ ਮਹਿਲਾ ਪਹਿਲਵਾਨਾਂ ਵੱਲੋਂ ਤਿੰਨ ਸੋਨੇ, ਦੋ ਚਾਂਦੀ ਅਤੇ ਤਿੰਨ ਕਾਂਸੀ ਸਮੇਤ ਅੱਠ ਤਮਗੇ ਜਿੱਤੇ ਹਨ।
ਭਾਰਤ ਨੇ ਪੁਰਸ਼ਾਂ ਦੀ ਫ੍ਰੀ ਸਟਾਈਲ 'ਚ ਇੱਕ ਸੋਨਾ ਅਤੇ ਤਿੰਨ ਚਾਂਦੀ ਦੇ ਤਮਗੇ ਜਿੱਤੇ ਹਨ। ਭਾਰਤ ਨੇ ਹੁਣ ਤੱਕ ਕੁੱਲ 17 ਤਮਗੇ ਜਿੱਤੇ ਹਨ, ਜਿਨ੍ਹਾਂ 'ਚ ਪੰਜ ਸੋਨੇ, ਪੰਜ ਚਾਂਦੀ ਅਤੇ ਸੱਤ ਕਾਂਸੀ ਸ਼ਾਮਲ ਹਨ। ਇਸ ਦੇ ਨਾਲ ਹੀ ਜਪਾਨ ਅਤੇ ਈਰਾਨ ਤੋਂ ਬਾਅਦ ਭਾਰਤ ਤੀਜੇ ਸਥਾਨ 'ਤੇ ਹੈ।