ਨਵੀਂ ਦਿੱਲੀ : ਭਾਰਤੀ ਮਹਿਲਾ ਹਾਕੀ ਟੀਮ ਦਾ ਆਗ਼ਾਮੀ ਚੀਨ ਦਾ ਦੌਰਾ ਕੋਰੋਨਾ ਵਾਇਰਸ ਦੇ ਕਾਰਨ ਰੱਦ ਕਰ ਦਿੱਤਾ ਗਿਆ ਹੈ। ਹੁਣ ਹਾਕੀ ਇੰਡੀਆ ਦੇ ਇਸ ਦੌਰੇ ਦੇ ਬਦਲੇ ਵਿਰੋਧੀ ਟੀਮ ਦੀ ਤਲਾਸ਼ ਹੈ। ਭਾਰਤੀ ਟੀਮ ਨੂੰ ਟੋਕਿਓ ਓਲੰਪਿਕ ਦੀਆਂ ਤਿਆਰੀਆਂ ਦੇ ਮੱਦੇਨਜ਼ਰ 14 ਤੋਂ 15 ਮਾਰਚ ਤੱਕ ਚੀਨ ਦਾ ਦੌਰਾ ਕਰਨਾ ਸੀ।
ਕਪਤਾਨ ਰਾਣੀ ਰਾਮਪਾਲ ਦੇ ਦਿੱਤਾ ਬਿਆਨ
ਭਾਰਤੀ ਟੀਮ ਦੀ ਕਪਤਾਨੀ ਰਾਣੀ ਰਾਮਪਾਲ ਨੇ ਸ਼ੁੱਕਰਵਾਰ ਨੂੰ ਇੱਕ ਸਮਾਚਾਰ ਏਜੰਸੀ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਅਸੀਂ ਚੀਨ ਨਹੀਂ ਜਾ ਰਹੇ ਹਾਂ। ਹੁਣ ਸਾਡੇ ਕੋਚ ਹਾਕੀ ਇੰਡੀਆ ਨਾਲ ਮਿਲ ਕੇ ਨਵੀਂ ਟੀਮ ਦੀ ਤਲਾਸ਼ ਕਰ ਰਹੇ ਹਨ।
ਕੋਰੋਨਾ ਵਾਇਰਸ ਦੇ ਕਾਰਨ 636 ਲੋਕਾਂ ਦੀ ਮੌਤ
ਚੀਨ ਵਿੱਚ ਵੱਧਦੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ। ਇਸ ਵਾਇਰਸ ਕਾਰਨ ਹੁਣ ਤੱਕ 636 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਲਗਭਗ 32 ਹਜ਼ਾਰ ਲੋਕ ਇਸ ਤੋਂ ਪ੍ਰਭਾਵਿਤ ਹਨ। ਰਾਣੀ ਨੇ ਅੱਗੇ ਕਿਹਾ ਕਿ ਸਾਨੂੰ ਜਲਦ ਹੀ ਇਹ ਦੱਸਿਆ ਜਾਵੇਗਾ ਕਿ ਹੁਣ ਅਸੀਂ ਕਿਸ ਦੇਸ਼ ਵਿਰੁੱਧ ਖੇਡਣਾ ਹੈ। ਹੁਣ ਤੱਕ ਤਾਂ ਸਾਡੇ ਕੋਲ 1 ਹਫ਼ਤੇ ਦਾ ਸਮਾਂ ਹੈ। ਇਸ ਤੋਂ ਬਾਅਦ ਅਸੀਂ 4 ਹਫ਼ਤਿਆਂ ਦੇ ਟ੍ਰੇਨਿੰਗ ਕੈਂਪ ਵਿੱਚ ਹਿੱਸਾ ਲੈ ਰਹੇ ਹਾਂ।
ਹਾਕੀ ਇੰਡੀਆ ਦੀ ਸੀਈਓ ਐਲੇਨਾ ਨਾਰਮਨ ਨੇ ਕਿਹਾ ਕਿ ਹਾਕੀ ਇੰਡੀਆ ਨੂੰ ਅਗਲੇ ਹਫ਼ਤੇ ਤੱਕ ਨਵੀਂ ਟੀਮ ਦੇ ਮਿਲ ਜਾਣ ਦੀ ਉਮੀਦ ਹੈ। ਸਾਡੀ ਕੁੱਝ ਫ਼ੈਡਰੇਸ਼ਨ ਦੇ ਨਾਲ ਗੱਲਬਾਤ ਚੱਲ ਰਹੀ ਹੈ। ਹੁਣ ਤੱਕ ਤਾਂ ਇਹ ਜਾਣਕਾਰੀ ਹੈ। ਜਦੋਂ ਤੱਕ ਸਾਨੂੰ ਸਪੱਸ਼ਟ ਜਵਾਬ ਨਹੀਂ ਮਿਲ ਜਾਂਦਾ ਉਦੋਂ ਤੱਕ ਇਸ ਬਾਰੇ ਵਿੱਚ ਜ਼ਿਆਦਾ ਕੁੱਝ ਕਹਿਣਾ ਉੱਚਿਤ ਨਹੀਂ ਹੋਵੇਗਾ।