ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਫ਼ਗਾਨਿਸਤਾਨ ਖਿਲਾਫ 11 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ 'ਚ ਲਗਭਗ 14 ਮਹੀਨਿਆਂ ਬਾਅਦ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ 'ਚ ਵਾਪਸੀ ਕਰਨ ਜਾ ਰਹੇ ਹਨ। ਵਿਰਾਟ ਨੇ ਆਪਣਾ ਆਖਰੀ ਮੈਚ ਆਸਟ੍ਰੇਲੀਆ 'ਚ ਹੋਏ ਟੀ-20 ਵਿਸ਼ਵ ਕੱਪ 2022 'ਚ ਖੇਡਿਆ ਸੀ। ਉਸ ਨੇ ਆਪਣੇ ਪਿਛਲੇ ਮੈਚ 'ਚ ਇੰਗਲੈਂਡ ਖਿਲਾਫ ਵਿਸ਼ਵ ਕੱਪ ਸੈਮੀਫਾਈਨਲ 'ਚ 40 ਗੇਂਦਾਂ 'ਚ 4 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 50 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤੀ ਟੀਮ ਇਹ ਮੈਚ 10 ਵਿਕਟਾਂ ਨਾਲ ਹਾਰ ਕੇ ਵਿਸ਼ਵ ਕੱਪ 2022 ਤੋਂ ਬਾਹਰ ਹੋ ਗਈ ਸੀ।
ਵਿਰਾਟ ਕੋਲ ਵੱਡਾ ਰਿਕਾਰਡ ਆਪਣੇ ਨਾਮ ਦਰਜ ਕਰਨ ਦਾ ਮੌਕਾ: ਹੁਣ ਕੋਹਲੀ ਭਾਰਤੀ ਟੀਮ ਲਈ ਟੀ-20 'ਚ ਇਕ ਵਾਰ ਫਿਰ ਵਾਪਸੀ ਕਰਨ ਜਾ ਰਹੇ ਹਨ ਅਤੇ ਉਹ ਇਨ੍ਹਾਂ ਯਾਦਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਚਾਹੁਣਗੇ। ਟੀਮ 'ਚ ਉਸ ਦੀ ਵਾਪਸੀ ਟੀ-20 ਵਿਸ਼ਵ ਕੱਪ 2024 ਦੇ ਮੱਦੇਨਜ਼ਰ ਹੋਈ ਹੈ। ਉਹ ਜੂਨ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਭਾਰਤ ਲਈ ਬੱਲੇ ਨਾਲ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੁਣਗੇ। ਪਰ ਇਸ ਤੋਂ ਪਹਿਲਾਂ ਕੋਹਲੀ ਕੋਲ ਅਫ਼ਗਾਨਿਸਤਾਨ ਖਿਲਾਫ ਵੱਡਾ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ। ਉਸ ਕੋਲ ਟੀ-20 ਕ੍ਰਿਕਟ 'ਚ 12000 ਦੌੜਾਂ ਪੂਰੀਆਂ ਕਰਨ ਦਾ ਮੌਕਾ ਹੋਵੇਗਾ।
12000 ਦੌੜਾਂ ਪੂਰੀਆਂ ਕਰਨਗੇ ਵਿਰਾਟ: ਵਿਰਾਟ ਨੇ ਆਈਪੀਐਲ ਅਤੇ ਅੰਤਰਰਾਸ਼ਟਰੀ ਟੀ-20 ਕ੍ਰਿਕਟ ਵਿੱਚ ਮਿਲ ਕੇ 11,965 ਦੌੜਾਂ ਬਣਾਈਆਂ ਹਨ। ਹੁਣ ਉਨ੍ਹਾਂ ਕੋਲ ਟੀ-20 ਕ੍ਰਿਕਟ 'ਚ ਆਪਣੀਆਂ 12,000 ਦੌੜਾਂ ਪੂਰੀਆਂ ਕਰਨ ਦਾ ਮੌਕਾ ਹੋਵੇਗਾ। ਕੋਹਲੀ ਆਪਣੀਆਂ 12000 ਦੌੜਾਂ ਪੂਰੀਆਂ ਕਰਨ ਤੋਂ ਸਿਰਫ਼ 35 ਦੌੜਾਂ ਦੂਰ ਹਨ। ਉਹ ਅਫਗਾਨਿਸਤਾਨ ਖਿਲਾਫ 35 ਦੌੜਾਂ ਬਣਾਉਣ ਦੇ ਨਾਲ ਹੀ ਇਹ ਵੱਡਾ ਰਿਕਾਰਡ ਆਪਣੇ ਨਾਂ ਕਰ ਲਵੇਗਾ। ਅਜਿਹਾ ਕਰਨ ਵਾਲਾ ਉਹ ਪਹਿਲਾਂ ਭਾਰਤੀ ਖਿਡਾਰੀ ਬਣੇਗਾ।
ਵਿਰਾਟ ਅੰਤਰਰਾਸ਼ਟਰੀ ਟੀ-20 ਅਤੇ ਆਈਪੀਐਲ ਸਮੇਤ 12000 ਦੌੜਾਂ ਬਣਾਉਣ ਵਾਲਾ ਦੁਨੀਆ ਦੇ ਚੌਥੇ ਬੱਲੇਬਾਜ਼ ਬਣ ਜਾਣਗੇ। ਉਨ੍ਹਾਂ ਤੋਂ ਪਹਿਲਾਂ ਵੈਸਟਇੰਡੀਜ਼ ਦੇ ਕ੍ਰਿਸ ਗੇਲ, ਪਾਕਿਸਤਾਨ ਦੇ ਸ਼ੋਏਬ ਮਲਿਕ ਅਤੇ ਵੈਸਟਇੰਡੀਜ਼ ਦੇ ਕੀਰੋਨ ਪੋਲਾਰਡ ਇਹ ਉਪਲਬਧੀ ਹਾਸਲ ਕਰ ਚੁੱਕੇ ਹਨ।
ਅੰਤਰਰਾਸ਼ਟਰੀ T20 + IPL ਵਿੱਚ 12000 ਦੌੜਾਂ ਬਣਾਉਣ ਵਾਲੇ ਖਿਡਾਰੀ
- ਕ੍ਰਿਸ ਗੇਲ (ਵੈਸਟ ਇੰਡੀਜ਼)- 14562 ਦੌੜਾਂ
- ਸ਼ੋਏਬ ਮਲਿਕ (ਪਾਕਿਸਤਾਨ)- 12993 ਦੌੜਾਂ
- ਕੀਰੋਨ ਪੋਲਾਰਡ (ਵੈਸਟ ਇੰਡੀਜ਼)- 12390 ਦੌੜਾਂ
- ਵਿਰਾਟ ਕੋਹਲੀ (ਭਾਰਤ)- 11,965 ਦੌੜਾਂ (12000 ਦੌੜਾਂ ਬਣਾਉਣ ਤੋਂ 35 ਦੌੜਾਂ ਦੂਰ)