ਨਵੀਂ ਦਿੱਲੀ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 22 ਮਾਰਚ ਬੁੱਧਵਾਰ ਨੂੰ ਤਿੰਨ ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ ਖੇਡਿਆ ਜਾਵੇਗਾ। ਵਿਸਾਪਟਨਮ 'ਚ ਭਾਰਤ ਦੀ ਸ਼ਰਮਨਾਕ ਹਾਰ ਤੋਂ ਬਾਅਦ ਸੀਰੀਜ਼ 1-1 ਨਾਲ ਬਰਾਬਰ ਹੈ। ਚੇਨਈ 'ਚ ਖੇਡਿਆ ਜਾਣ ਵਾਲਾ ਤੀਜਾ ਵਨਡੇ ਸੀਰੀਜ਼ ਦਾ ਫੈਸਲਾਕੁੰਨ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਤੀਜਾ ਵਨਡੇ ਰੋਮਾਂਚਕ ਹੋਣ ਦੀ ਉਮੀਦ ਹੈ। ਟੀਮ ਇੰਡੀਆ ਲਈ ਆਸਟ੍ਰੇਲੀਆਈ ਗੇਂਦਬਾਜ਼ਾਂ 'ਤੇ ਕਾਬੂ ਪਾਉਣਾ ਆਸਾਨ ਨਹੀਂ ਹੋਵੇਗਾ। ਹਾਲਾਂਕਿ ਭਾਰਤ ਲਈ ਚੰਗੀ ਗੱਲ ਇਹ ਹੈ ਕਿ ਇਸ ਮੈਦਾਨ 'ਤੇ ਆਸਟ੍ਰੇਲੀਆ ਖਿਲਾਫ ਖੇਡੇ ਗਏ ਆਖਰੀ ਵਨਡੇ ਮੈਚ 'ਚ ਟੀਮ ਇੰਡੀਆ ਨੇ ਜਿੱਤ ਦਰਜ ਕੀਤੀ ਅਤੇ ਇਸ ਮੈਦਾਨ 'ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਬੱਲੇ ਤੋਂ ਕਾਫੀ ਦੌੜਾਂ ਬਣੀਆਂ।
ਜਿੱਤ ਵਿਰਾਟ ਕੋਹਲੀ 'ਤੇ ਨਿਰਭਰ ਕਰੇਗੀ: ਤੀਜੇ ਵਨਡੇ 'ਚ ਭਾਰਤ ਨੂੰ ਜਿੱਤ ਦਿਵਾਉਣ ਦੀ ਜ਼ਿੰਮੇਵਾਰੀ ਭਾਰਤ ਦੇ ਬੱਲੇਬਾਜ਼ ਵਿਰਾਟ ਕੋਹਲੀ 'ਤੇ ਹੋਵੇਗੀ। ਚੇਨਈ ਵਿੱਚ ਵੈਸੇ ਵੀ ਕੋਹਲੀ ਦਾ ਬੱਲਾ ਅੱਗ ਥੁੱਕਦਾ ਹੈ। ਵਿਰਾਟ ਨੇ ਚੇਨਈ 'ਚ 7 ਵਨਡੇ ਮੈਚਾਂ 'ਚ 283 ਦੌੜਾਂ ਬਣਾਈਆਂ ਹਨ। ਜਿਸ ਵਿੱਚ ਇੱਕ ਸ਼ਾਨਦਾਰ ਸੈਂਕੜਾ ਵੀ ਸ਼ਾਮਿਲ ਹੈ। ਵਿਰਾਟ ਇਸ ਮੈਦਾਨ 'ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਹਨ। ਭਾਰਤੀ ਕ੍ਰਿਕਟ ਪ੍ਰਸ਼ੰਸਕ ਇਸ ਵਨਡੇ 'ਚ ਵਿਰਾਟ ਤੋਂ ਵੱਡੇ ਸਕੋਰ ਦੀ ਉਮੀਦ ਕਰ ਰਹੇ ਹਨ। ਹੁਣ ਤੱਕ ਦੇ ਅੰਕੜਿਆਂ ਮੁਤਾਬਕ ਜੇਕਰ ਤੀਜੇ ਵਨਡੇ 'ਚ ਵਿਰਾਟ ਦਾ ਬੱਲਾ ਚੱਲਦਾ ਹੈ ਤਾਂ ਆਸਟ੍ਰੇਲੀਆ ਦੀ ਹਾਰ ਤੈਅ ਹੈ।
ਭਾਰਤ ਨੇ ਖੇਡਿਆ ਆਖਰੀ ਮੈਚ ਜਿੱਤਿਆ ਸੀ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਆਖਰੀ ਵਨਡੇ ਮੈਚ ਸਾਲ 2017 'ਚ ਚੇਨਈ 'ਚ ਹੋਇਆ ਸੀ। ਇਸ ਮੈਚ 'ਚ ਭਾਰਤ ਨੇ ਡਕਵਰਥ ਲੁਈਸ ਨਿਯਮ ਦੇ ਮੁਤਾਬਕ 26 ਦੌੜਾਂ ਨਾਲ ਮੈਚ ਜਿੱਤ ਲਿਆ। ਭਾਰਤ ਵੱਲੋਂ ਦਿੱਤੇ 282 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਸਟ੍ਰੇਲੀਆ ਦਾ ਸਕੋਰ 9 ਵਿਕਟਾਂ ਦੇ ਨੁਕਸਾਨ 'ਤੇ 137 ਦੌੜਾਂ ਹੋ ਗਿਆ ਸੀ। ਇਸ ਮੈਚ 'ਚ 83 ਦੌੜਾਂ ਬਣਾਉਣ ਦੇ ਨਾਲ ਹੀ 2 ਵਿਕਟਾਂ ਲੈਣ ਵਾਲੇ ਭਾਰਤ ਦੇ ਹਾਰਦਿਕ ਪੰਡਯਾ ਨੂੰ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ। ਤੁਹਾਨੂੰ ਦੱਸ ਦੇਈਏ ਕਿ ਇਸ ਮੈਦਾਨ 'ਤੇ ਭਾਰਤ ਦਾ ਸਭ ਤੋਂ ਵੱਧ ਸਕੋਰ 299 ਦੌੜਾਂ ਹੈ। ਭਾਰਤ ਖਿਲਾਫ ਭਾਰਤ 'ਚ ਖੇਡੇ ਗਏ ਪਿਛਲੇ 10 ਵਨਡੇ ਮੈਚਾਂ 'ਚ ਆਸਟ੍ਰੇਲੀਆ ਨੇ 5 ਵਾਰ ਜਿੱਤ ਦਰਜ ਕੀਤੀ ਹੈ ਜਦਕਿ ਟੀਮ ਇੰਡੀਆ ਨੇ 5 ਵਾਰ ਜਿੱਤ ਦਰਜ ਕੀਤੀ ਹੈ। ਚੇਨਈ 'ਚ ਦੋਵਾਂ ਟੀਮਾਂ ਵਿਚਾਲੇ ਸਖਤ ਟੱਕਰ ਦੀ ਉਮੀਦ ਹੈ।
ਇਹ ਵੀ ਪੜ੍ਹੋ:- BAN vs IRE 2nd odi: ਰਹੀਮ ਨੇ ਤੋੜਿਆ ਸ਼ਾਕਿਬ ਦਾ 14 ਸਾਲ ਪੁਰਾਣਾ ਰਿਕਾਰਡ, ਬੰਗਲਾਦੇਸ਼ ਨੇ ਬਣਾਇਆ ਆਪਣਾ ਸਰਵੋਤਮ ਸਕੋਰ