ਨਵੀਂ ਦਿੱਲੀ : ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਅੰਤਰਰਾਸ਼ਟਰੀ ਟੀ-20 ਸੀਰੀਜ਼ ਦਾ ਫੈਸਲਾਕੁੰਨ ਮੈਚ ਸੋਮਵਾਰ 27 ਮਾਰਚ ਨੂੰ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ। ਇਸ ਮੈਚ ਵਿੱਚ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ 66 ਦੌੜਾਂ ਨਾਲ ਕਲੀਨ ਸਵੀਪ ਕਰਨ ਤੋਂ ਰੋਕਿਆ। ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ ਸੀਰੀਜ਼ ਦੇ ਦੋ ਮੈਚਾਂ 'ਚ ਪਹਿਲਾ ਟੀ-20 ਅਤੇ ਦੂਜਾ ਟੀ-20 ਜਿੱਤਿਆ ਸੀ। ਅਫਗਾਨਿਸਤਾਨ ਦੀ ਟੀਮ ਨੇ ਪਹਿਲੇ ਮੈਚ ਵਿੱਚ 13 ਗੇਂਦਾਂ ਬਾਕੀ ਰਹਿਣ ਤੋਂ ਬਾਅਦ 6 ਵਿਕਟਾਂ ਨਾਲ ਅਤੇ ਦੂਜੇ ਮੈਚ ਵਿੱਚ 7 ਵਿਕਟਾਂ ਨਾਲ ਹਰਾਇਆ ਸੀ। ਪਾਕਿਸਤਾਨ ਦੀ ਟੀਮ ਦੇ ਕਪਤਾਨ ਸ਼ਾਦਾਬ ਖਾਨ ਨੇ ਇਸ ਪਾਰੀ 'ਚ ਆਪਣੇ ਆਲਰਾਊਂਡਰ ਪ੍ਰਦਰਸ਼ਨ ਦੇ ਜੌਹਰ ਦਿਖਾਏ ਸਨ।
ਅੰਤਰਰਾਸ਼ਟਰੀ ਟੀ-20 ਸੀਰੀਜ਼ ਦੇ ਤੀਜੇ ਮੈਚ 'ਚ ਸ਼ਾਦਾਬ ਖਾਨ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਾਕਿਸਤਾਨੀ ਟੀਮ ਨੂੰ 66 ਦੌੜਾਂ ਨਾਲ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਜੇਕਰ ਪਾਕਿਸਤਾਨ ਇਹ ਮੈਚ ਹਾਰ ਜਾਂਦਾ ਤਾਂ ਉਸ ਦਾ ਕਲੀਨ ਸਵੀਪ 3-0 ਨਾਲ ਹੋ ਜਾਣਾ ਸੀ, ਪਰ ਅਜਿਹਾ ਨਹੀਂ ਹੋ ਸਕਿਆ। ਇੱਕ ਤਰ੍ਹਾਂ ਨਾਲ ਪਾਕਿਸਤਾਨ ਲਈ ਇਹ ਤਸੱਲੀ ਵਾਲੀ ਜਿੱਤ ਸੀ। ਕਿਉਂਕਿ ਅਫਗਾਨਿਸਤਾਨ ਨੇ ਪਹਿਲੇ ਦੋ ਮੈਚ ਛੇ ਅਤੇ ਸੱਤ ਵਿਕਟਾਂ ਨਾਲ ਜਿੱਤ ਕੇ ਸੀਰੀਜ਼ 'ਤੇ ਪਹਿਲਾਂ ਹੀ ਕਬਜ਼ਾ ਕਰ ਲਿਆ ਸੀ। ਸ਼ਾਦਾਬ ਖਾਨ ਦੀ ਕਪਤਾਨੀ ਵਿੱਚ ਟੀਮ ਦੇ ਸਾਰੇ ਖਿਡਾਰੀਆਂ ਨੇ ਇਹ ਜਿੱਤ ਹਾਸਿਲ ਕੀਤੀ ਹੈ। ਤੀਜੇ ਮੈਚ 'ਚ ਸ਼ਾਦਾਬ ਖਾਨ ਦੇ ਜ਼ਬਰਦਸਤ ਆਲਰਾਊਂਡਰ ਪ੍ਰਦਰਸ਼ਨ ਲਈ ਉਸ ਨੂੰ 'ਪਲੇਅਰ ਆਫ ਦਾ ਮੈਚ' ਦਾ ਖਿਤਾਬ ਵੀ ਦਿੱਤਾ ਗਿਆ ਹੈ। ਉਸ ਨੇ 17 ਗੇਂਦਾਂ 'ਚ ਅਹਿਮ 28 ਦੌੜਾਂ ਬਣਾਈਆਂ, ਜਦਕਿ ਗੇਂਦਬਾਜ਼ੀ 'ਚ ਉਸ ਨੇ ਚਾਰ ਓਵਰਾਂ 'ਚ ਸਿਰਫ 13 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਇਹ ਵੀ ਪੜ੍ਹੋ : IPL 2023 Star Sports: ਸਟਾਰ ਸਪੋਰਟਸ ਲਾਂਚ ਕਰੇਗੀ 'ਸਬਟਾਈਟਲ ਫੀਡ', ਦਰਸ਼ਕਾਂ ਦੀਆਂ ਜ਼ਰੂਰਤਾਂ ਮੁਤਾਬਕ ਹੋਣਗੇ ਫੀਚਰਸ
ਇਸ ਤੀਜੇ ਟੀ-20 ਮੈਚ ਵਿੱਚ ਪਾਕਿਸਤਾਨ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਤੇ ਸੱਤ ਵਿਕਟਾਂ ਗੁਆ ਕੇ 182 ਦੌੜਾਂ ਬਣਾਈਆਂ। ਇਸ ਪਾਰੀ ਵਿੱਚ ਨੌਜਵਾਨ ਸਲਾਮੀ ਬੱਲੇਬਾਜ਼ ਸੈਮ ਅਯੂਬ ਨੇ 40 ਗੇਂਦਾਂ ਵਿੱਚ 49 ਦੌੜਾਂ ਬਣਾਈਆਂ ਅਤੇ ਕਪਤਾਨ ਸ਼ਾਦਾਬ ਨੇ 28, ਇਫ਼ਤਿਖਾਰ ਅਹਿਮਦ ਨੇ 31 ਦੌੜਾਂ ਜੋੜੀਆਂ। ਇਸਦੇ ਨਾਲ ਹੀ ਆਪਣੇ ਟੀਚੇ ਦਾ ਪਿੱਛਾ ਕਰਦੇ ਹੋਏ ਅਫਗਾਨਿਸਤਾਨ ਦੀ ਟੀਮ ਪਹਿਲੇ ਦੋ ਮੈਚਾਂ ਦੀ ਸਫਲਤਾ ਨੂੰ ਨਹੀਂ ਦੁਹਰਾ ਸਕੀ ਅਤੇ 18.4 ਓਵਰਾਂ 'ਚ 116 ਦੌੜਾਂ 'ਤੇ ਸਿਮਟ ਗਈ। ਪਾਕਿਸਤਾਨ ਲਈ ਨੌਜਵਾਨ ਤੇਜ਼ ਗੇਂਦਬਾਜ਼ ਅਹਿਸਾਨਉੱਲ੍ਹਾ ਅਤੇ ਲੈੱਗ ਸਪਿਨਰ ਸ਼ਾਦਾਬ ਨੇ 3-3 ਵਿਕਟਾਂ ਲਈਆਂ। ਸ਼ਾਦਾਬ ਖਾਨ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਵਿੱਚ 100 ਵਿਕਟਾਂ ਪੂਰੀਆਂ ਕਰਨ ਵਾਲੇ ਪਾਕਿਸਤਾਨ ਦੇ ਪਹਿਲੇ ਗੇਂਦਬਾਜ਼ ਵੀ ਬਣ ਗਏ ਹਨ। (ਆਈਏਐਨਐਸ)