ਦੁਬਈ: ਚੇਨਈ ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ (Mahendra Singh Dhoni) ਨੇ ਐਤਵਾਰ ਨੂੰ ਇੱਥੇ ਚਾਰ ਵਿਕਟਾਂ ਨਾਲ ਜਿੱਤ ਕੇ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਪਤਾ ਸੀ ਕਿ ਦਿੱਲੀ ਕੈਪੀਟਲਜ਼ ਦੇ ਗੇਂਦਬਾਜ਼ੀ ਹਮਲੇ ਦੇ ਕਾਰਨ ਪਹਿਲਾ ਕੁਆਲੀਫਾਇਰ ਮੈਚ ਮੁਸ਼ਕਲ ਹੋਵੇਗਾ।
ਧੋਨੀ ਨੇ ਫਿਰ ਫਿਨਿਸ਼ਰ ਦੀ ਭੂਮਿਕਾ ਨਿਭਾਈ ਅਤੇ ਅਖੀਰ ਵਿੱਚ ਛੇ ਗੇਂਦਾਂ ਵਿੱਚ ਇੱਕ ਛੱਕੇ ਅਤੇ ਤਿੰਨ ਚੌਕਿਆਂ ਦੀ ਮਦਦ ਨਾਲ ਅਜੇਤੂ 18 ਦੌੜਾਂ ਬਣਾਈਆਂ ਅਤੇ ਦੋ ਗੇਂਦਾਂ ਬਾਕੀ ਰਹਿੰਦੇ ਹੋਏ ਜਿੱਤ ਯਕੀਨੀ ਬਣਾਈ। ਉਸ ਤੋਂ ਪਹਿਲਾਂ ਰਿਤੂਰਾਜ ਗਾਇਕਵਾੜ (70) ਅਤੇ ਰੌਬਿਨ ਉਥੱਪਾ (63) ਨੇ ਅਰਧ ਸੈਂਕੜੇ ਖੇਡਣ ਤੋਂ ਬਾਅਦ ਦੂਜੀ ਵਿਕਟ ਲਈ 110 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।
ਧੋਨੀ ਨੇ ਮੈਚ ਤੋਂ ਬਾਅਦ ਕਿਹਾ, 'ਮੇਰੀ ਪਾਰੀ ਮਹੱਤਵਪੂਰਨ ਸੀ। ਦਿੱਲੀ ਕੈਪੀਟਲਜ਼ ਦਾ ਗੇਂਦਬਾਜ਼ੀ ਹਮਲਾ ਵਧੀਆ ਹੈ। ਉਸਨੇ ਹਾਲਾਤਾਂ ਦਾ ਪੂਰਾ ਫਾਇਦਾ ਉਠਾਇਆ ਇਸ ਲਈ ਸਾਨੂੰ ਪਤਾ ਸੀ ਕਿ ਇਹ ਮੈਚ ਸਾਡੇ ਲਈ ਸੌਖਾ ਨਹੀਂ ਹੋਵੇਗਾ। ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ (60 ਦੌੜਾਂ) ਅਤੇ ਕਪਤਾਨ ਰਿਸ਼ਭ ਪੰਤ (ਅਜੇਤੂ 51) ਦੇ ਅਰਧ ਸੈਂਕੜਿਆਂ ਕਾਰਨ ਦਿੱਲੀ ਕੈਪੀਟਲਜ਼ ਦੀ ਟੀਮ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਪੰਜ ਵਿਕਟਾਂ 'ਤੇ 172 ਦੌੜਾਂ ਬਣਾਈਆਂ ਸੀ।
ਆਪਣੀ ਪਾਰੀ ਦੇ ਬਾਰੇ ਵਿੱਚ, ਧੋਨੀ ਨੇ ਕਿਹਾ, ਮੈਂ ਟੂਰਨਾਮੈਂਟ ਵਿੱਚ ਬਹੁਤ ਚੰਗੀ ਪਾਰੀ ਨਹੀਂ ਖੇਡੀ ਹੈ ਪਰ ਮੈਂ ਗੇਂਦ ਨੂੰ ਦੇਖ ਕੇ ਖੇਡਣਾ ਚਾਹੁੰਦਾ ਸੀ। ਮੈਂ ਨੈੱਟ 'ਤੇ ਚੰਗੀ ਬੱਲੇਬਾਜ਼ੀ ਕਰ ਰਿਹਾ ਸੀ ਪਰ ਜ਼ਿਆਦਾ ਨਹੀਂ ਸੋਚ ਰਿਹਾ ਸੀ ਕਿਉਂਕਿ ਜੇਕਰ ਤੁਸੀਂ ਬੱਲੇਬਾਜ਼ੀ ਕਰਦੇ ਸਮੇਂ ਬਹੁਤ ਜ਼ਿਆਦਾ ਸੋਚਦੇ ਹੋ ਤਾਂ ਤੁਸੀਂ ਆਪਣੀ ਰਣਨੀਤੀ ਨੂੰ ਵਿਗਾੜ ਦਿੰਦੇ ਹੋ। ਉਨ੍ਹਾਂ ਨੇ ਸ਼ਾਰਦੁਲ ਠਾਕੁਰ ਨੂੰ ਬੱਲੇਬਾਜ਼ੀ ਕ੍ਰਮ 'ਤੇ ਉੱਤੇ ਭੇਜਣ ਦੇ ਫੈਸਲੇ ’ਤੇ ਕਿਹਾ, '' ਸ਼ਾਰਦੁਲ ਠਾਕੁਰ ਨੇ ਹਾਲ ਦੇ ਸਮੇਂ 'ਚ ਚੰਗੀ ਬੱਲੇਬਾਜ਼ੀ ਕੀਤੀ ਹੈ ਇਸ ਲਈ ਉਨ੍ਹਾਂ ਨੂੰ ਉੱਤੇ ਭੇਜਿਆ ਗਿਆ।
ਉਥੱਪਾ ਦੇ ਬਾਰੇ ਵਿੱਚ ਧੋਨੀ ਨੇ ਕਿਹਾ, ਰੌਬਿਨ ਨੂੰ ਹਮੇਸ਼ਾ ਉੱਪਰ ਬੱਲੇਬਾਜ਼ੀ ਕਰਨ ਵਿੱਚ ਮਜ਼ਾ ਆਉਂਦਾ ਹੈ। ਮੋਈਨ ਅਲੀ ਤੀਜੇ ਨੰਬਰ 'ਤੇ ਸ਼ਾਨਦਾਰ ਰਿਹਾ ਹੈ, ਪਰ ਅਸੀਂ ਉਸ ਲਈ ਹਾਲਾਤ ਬਣਾਏ ਹਨ ਕਿ ਕੋਈ ਲੋੜ ਮੁਤਾਬਿਕ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰ ਸਕਦਾ ਹੈ। ਧੋਨੀ ਨੇ ਰਿਤੂਰਾਜ ਦੇ ਬਾਰੇ ਕਿਹਾ, ਜਦੋਂ ਰਿਤੂਰਾਜ ਅਤੇ ਮੈਂ ਗੱਲ ਕਰਦੇ ਹਾਂ, ਇਹ ਬਹੁਤ ਸੌਖਾ ਹੁੰਦਾ ਹੈ। ਮੈਂ ਜਾਣਨਾ ਚਾਹੁੰਦਾ ਹਾਂ ਕਿ ਉਹ ਕੀ ਸੋਚ ਰਿਹਾ ਹੈ। ਇਹ ਦੇਖ ਕੇ ਚੰਗਾ ਲੱਗਦਾ ਹੈ ਕਿ ਉਸਨੇ ਬਹੁਤ ਸੁਧਾਰ ਕੀਤਾ ਹੈ। ਉਹ ਅਜਿਹੇ ਖਿਡਾਰੀ ਹਨ ਜੋ ਪੂਰੇ 20 ਓਵਰਾਂ ਤੱਕ ਬੱਲੇਬਾਜ਼ੀ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ, “ਪਿਛਲੇ ਸੀਜ਼ਨ ਵਿੱਚ ਅਸੀਂ ਪਹਿਲੀ ਵਾਰ ਪਲੇਅ-ਆਫ ਲਈ ਕੁਆਲੀਫਾਈ ਨਹੀਂ ਕੀਤਾ ਸੀ, ਪਰ ਅਸੀਂ ਇਸ ਸੀਜ਼ਨ ਵਿੱਚ ਸ਼ਾਨਦਾਰ ਵਾਪਸੀ ਕੀਤੀ। ਨਜ਼ਦੀਕੀ ਹਾਰ ਤੋਂ ਬਾਅਦ ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਨੇ ਕਿਹਾ, “ਨਿਸ਼ਚਤ ਰੂਪ ਤੋਂ ਇਹ ਬਹੁਤ ਨਿਰਾਸ਼ਾਜਨਕ ਹਾਰ ਸੀ ਅਤੇ ਮੇਰੇ ਕੋਲ ਸ਼ਬਦ ਨਹੀਂ ਹਨ ਕਿ ਇਸ (ਆਖਰੀ ਓਵਰ ਦੇ ਫੈਸਲੇ ਦੀ) ਨਿਰਾਸ਼ਾ ਦਾ ਵਰਣਨ ਕਰ ਸਕਾਂ। ਮੈਨੂੰ ਲੱਗਾ ਕਿ ਟੌਮ ਕੁਰੇਨ ਨੇ ਇਸ ਮੈਚ ਵਿੱਚ ਚੰਗੀ ਗੇਂਦਬਾਜ਼ੀ ਕੀਤੀ, ਇਸ ਲਈ ਉਸ ਨੂੰ ਆਖਰੀ ਓਵਰ ਦੇਣਾ ਸਹੀ ਹੋਵੇਗਾ। ਅਸੀਂ ਚੰਗਾ ਸਕੋਰ ਬਣਾਇਆ ਸੀ। ਅਸੀਂ ਅਗਲੇ ਮੈਚ ਵਿੱਚ ਆਪਣੀਆਂ ਗਲਤੀਆਂ ਨੂੰ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਤਾਂ ਜੋ ਅਸੀਂ ਫਾਈਨਲ ਵਿੱਚ ਪਹੁੰਚ ਸਕੀਏ।
'ਪਲੇਅਰ ਆਫ ਦਿ ਮੈਚ' ਗਾਇਕਵਾੜ ਨੇ ਕਿਹਾ, ਮੈਂ ਕ੍ਰੀਜ਼ 'ਤੇ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰਦਾ ਹਾਂ। ਹਰ ਮੈਚ ਨਵਾਂ ਹੁੰਦਾ ਹੈ ਇਸ ਲਈ ਸਾਨੂੰ ਸ਼ੁਰੂ ਤੋਂ ਹੀ ਸ਼ੁਰੂਆਤ ਕਰਨੀ ਪੈਂਦੀ ਹੈ। ਪਾਵਰਪਲੇ ਬਹੁਤ ਮਹੱਤਵਪੂਰਨ ਸੀ, ਗੇਂਦ ਵਿਕਟ 'ਤੇ ਥੋੜ੍ਹੀ ਜਿਹੀ ਰੁਕ ਕੇ ਆ ਰਹੀ ਸੀ। ਰੌਬਿਨ ਨੇ ਬਹੁਤ ਵਧੀਆ ਬੱਲੇਬਾਜ਼ੀ ਕੀਤੀ। ਉਸ ਦੇ ਸਾਹਮਣੇ ਖੇਡਣਾ ਮੇਰੇ ਲਈ ਬੱਲੇਬਾਜ਼ੀ ਨੂੰ ਸੌਖਾ ਬਣਾਉਂਦਾ ਹੈ।
ਇਹ ਵੀ ਪੜੋ: IPL 2021: ਕਪਤਾਨ ਮਹਿੰਦਰ ਧੋਨੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ