ਨਵੀਂ ਦਿੱਲੀ : ਆਈਪੀਐੱਲ 2019 ਦੇ ਫ਼ਾਇਨਲ ਮੁਕਾਬਲੇ ਲਈ ਮੁੰਬਈ ਅਤੇ ਚੇਨੱਈ ਦੋਵੇਂ ਟੀਮਾਂ ਤਿਆਰ ਹਨ। ਦੋਵੇਂ ਟੀਮਾਂ ਇਸ ਲੀਗ ਵਿੱਚ ਚੌਥੀ ਵਾਰ ਫ਼ਾਇਨਲ ਮੈਚ ਵਿੱਚ ਇੱਕ-ਦੂਸਰੇ ਦੇ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ 3 ਵਾਰ ਦੋਵਾਂ ਟੀਮਾਂ ਦਾ ਮੁਕਾਬਲਾ ਹੋ ਚੁੱਕਿਆ ਹੈ ਜਿਸ ਵਿੱਚ 2 ਵਾਰ ਮੁੰਬਈ ਅਤੇ ਇੱਕ ਵਾਰ ਚੇਨੱਈ ਨੂੰ ਜਿੱਤ ਮਿਲੀ ਸੀ, ਪਰ ਇੰਨ੍ਹਾਂ ਤਿੰਨਾਂ ਮੁਕਾਬਲਿਆਂ ਵਿੱਚ ਜਿੱਤ ਉਸੇ ਟੀਮ ਦੀ ਹੋਈ ਹੈ ਜਿਸ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਹੈ। ਭਾਵ ਕਿ ਇਸ ਵਾਰ ਵੀ ਜਿੱਤ ਦੀ ਸੰਭਾਵਨਾ ਉਸੇ ਟੀਮ ਦੀ ਹੋਵੇਗੀ ਜੋ ਪਹਿਲਾ ਬੱਲੇਬਾਜ਼ੀ ਕਰੇਗੀ।
ਇਸ ਲੀਗ ਵਿੱਚ ਚੇਨੱਈ ਨੇ 8 ਵਾਰ ਜਦਕਿ ਮੁੰਬਈ ਨੇ 5 ਵਾਰ ਫ਼ਾਇਨਲ ਵਿੱਚ ਥਾਂ ਬਣਾਈ ਹੈ।
ਆਓ ਇੱਕ ਵਾਰ ਉਨ੍ਹਾਂ ਅੰਕੜਿਆ 'ਤੇ ਝਾਤ ਪਾਉਂਦੇ ਹਾਂ ਜਿੰਨ੍ਹਾਂ ਤੋਂ ਪਤਾ ਲਗਦਾ ਹੈ ਕਿ ਫ਼ਾਇਨਲ ਮੈਚ ਵਿੱਚ ਜਿੱਤ ਉਸੇ ਟੀਮ ਦੀ ਹੋਈ ਹੈ ਜਿਸ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਹੈ।
- ਸਾਲ 2010 ਦਾ ਫ਼ਾਇਨਲ ਮੁਕਾਬਲਾ
ਇਸ ਮੈਚ ਵਿੱਚ ਚੇਨੱਈ ਨੇ 20 ਓਵਰਾਂ ਵਿੱਚ 168 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਮੁੰਬਈ ਨੇ 9 ਵਿਕਟਾਂ ਦੇ ਨੁਕਸਾਨ ਨਾਲ 146 ਦੌੜਾਂ ਹੀ ਬਣਾਈਆਂ ਅਤੇ ਚੇਨੱਈ 22 ਦੌੜਾਂ ਨਾਲ ਜੇਤੂ ਰਹੀ।
- 2013 ਦਾ ਫ਼ਾਇਨਲ ਮੁਕਾਬਲਾ
ਆਈਪੀਐੱਲ 2013 ਦੇ ਫ਼ਾਇਨਲ ਮੁਕਾਬਲੇ ਵਿੱਚ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ਨਾਲ 148 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ 20 ਓਵਰ ਖੇਡਦੇ ਹੋਏ 125 ਦੌੜਾਂ ਹੀ ਬਣਾਈਆਂ ਅਤੇ ਮੁੰਬਈ 23 ਦੌੜਾਂ ਨਾਲ ਇਸ ਲੀਗ ਵਿੱਚ ਜੇਤੂ ਰਹੀ।
- 2015 ਦਾ ਫ਼ਾਇਨਲ ਮੁਕਾਬਲਾ
ਆਈਪੀਐੱਲ ਦੇ ਇਸ ਸੀਜ਼ਨ ਵਿੱਚ ਇੱਕ ਵਾਰ ਫ਼ਿਰ ਧੋਨੀ ਅਤੇ ਰੋਹਿਤ ਆਹਮੋ-ਸਾਹਮਣੇ ਹੋਏ। ਇਸ ਸੀਜ਼ਨ ਦਾ ਫ਼ਾਇਨਲ ਮੁਕਾਬਲਾ ਕੋਲਕਾਤਾ ਵਿਖੇ ਖੇਡਿਆ ਗਿਆ। ਇਸ ਮੁਕਾਬਲੇ ਵਿੱਚ ਧੋਨੀ ਨੇ ਟਾਸ ਜਿੱਤ ਕੇ ਮੁੰਬਈ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ। ਮੁੰਬਈ ਨੇ 5 ਨੇ ਵਿਕਟਾਂ ਦੇ ਨੁਕਸਾਨ ਨਾਲ 202 ਦੌੜਾਂ ਦਾ ਪਹਾੜ ਵਰਗਾ ਸਕੋਰ ਖੜਾ ਕਰ ਦਿੱਤਾ। ਪਰ ਇਸ ਮੁਕਾਬਲੇ ਵਿੱਚ ਵੀ ਚੇਨੱਈ 41 ਦੌੜਾਂ ਪਿੱਛੇ ਰਹੀ ਅਤੇ ਇਸ ਮੁਕਾਬਲੇ ਵਿੱਚ ਹਾਰ ਗਈ। ਇਸ ਵਾਰ ਲੀਗ ਵਿੱਚ ਜਿੱਤਣ ਨਾਲ ਮੁੰਬਈ ਨੇ ਦੂਸਰੀ ਵਾਰ ਆਈਪੀਐੱਲ ਦਾ ਖ਼ਿਤਾਬ ਆਪਣੇ ਨਾਂ ਕੀਤਾ।