ਐਡੀਲੈਡ: ਆਸਟ੍ਰੇਲੀਆ ਵਿਰੁੱਧ ਦਿਨ ਰਾਤ ਦੇ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਵੀਰਵਾਰ ਨੂੰ ਭਾਰਤ ਨੇ ਛੇ ਵਿਕਟਾਂ ਗਵਾ ਕੇ 233 ਦੌੜਾਂ ਬਣਾਏ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਭਾਰਤ ਲਈ ਕਪਤਾਨ ਵਿਰਾਟ ਕੋਹਲੀ ਨੇ 74 ਅਤੇ ਚੇਤੇਸ਼ਵਰ ਪੁਜਾਰਾ ਨੇ 43 ਦੌੜਾਂ ਬਣਾਈਆਂ। ਵਾਰਨ ਨੇ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਜਾਰੀ ਪਹਿਲੇ ਟੈਸਟ ਮੈਚ ਦੌਰਾਨ ਸਾਰੇ ਟੈਸਟ ਮੈਚਾਂ ਲਈ ਲਾਲ ਗੇਂਦ ਦੀ ਥਾਂ ਗੁਲਾਬੀ ਗੇਂਦ ਵਰਤਣ ਦੀ ਪੈਰਵਾਈ ਕੀਤੀ।
ਵਾਰਨ ਨੇ ਇੱਕ ਵੈੱਬ ਸਾਈਟ ਨੂੰ ਕਿਹਾ, "ਮੈਂ ਪਿਛਲੇ ਕੁੱਝ ਸਾਲਾਂ ਤੋਂ ਕਹਿੰਦਾ ਆ ਰਿਹਾ ਹਾਂ, ਮੇਰਾ ਮੰਨਣਾ ਹੈ ਕਿ ਸਾਰੇ ਟੈਸਟ ਮੈਚਾਂ ’ਚ ਗੁਲਾਬੀ ਗੇਂਦ ਵਰਤੀ ਜਾਣੀ ਚਾਹੀਦੀ ਹੈ। ਦਿਨ ਦੇ ਮੈਚਾਂ ਦੌਰਾਨ ਵੀ।"
ਉਨ੍ਹਾਂ ਕਿਹਾ, "ਗੁਲਾਬੀ ਗੇਂਦ ਨੂੰ ਦੇਖਣ ’ਚ ਅਸਾਨੀ ਹੁੰਦੀ ਹੈ, ਦਰਸ਼ਕ ਵੀ ਇਸ ਨੂੰ ਆਸਾਨੀ ਨਾਲ ਵੇਖ ਸਕਦੇ ਹਨ। ਇਹ ਟੀਵੀ ’ਤੇ ਵੀ ਚੰਗੀ ਲੱਗਦੀ ਹੈ। ਇਸ ਲਈ ਹਮੇਸ਼ਾ ਗੁਲਾਬੀ ਗੇਂਦ ਵਰਤਣੀ ਚਾਹੀਦੀ ਹੈ।"
ਵਾਰਨ ਨੇ ਕਿਹਾ," ਸੱਠ ਓਵਰਾਂ ਬਾਅਦ ਇਸ ਨੂੰ ਬਦਲ ਸਕਦੇ ਹਾਂ ਕਿਉਂਕਿ ਇਹ ਨਰਮ ਹੋ ਜਾਂਦੀ ਹੈ। ਮੈਂ ਚਾਹੁੰਦਾ ਹਾਂ ਕਿ ਹਰ ਟੈਸਟ ’ਚ ਗੁਲਾਬੀ ਗੇਂਦ ਦਾ ਇਸਤੇਮਾਲ ਹੋਵੇ।" ਉਨ੍ਹਾਂ ਕਿਹਾ, "ਲਾਲ ਗੇਂਦ ਸਵਿੰਗ ਨਹੀਂ ਲੈਂਦੀ। ਇਸ ਨਾਲ ਕੋਈ ਮਦਦ ਨਹੀਂ ਮਿਲਦੀ ਅਤੇ 25 ਓਵਰਾਂ ਬਾਅਦ ਇਹ ਨਰਮ ਪੈ ਜਾਂਦੀ ਹੈ। ਇੰਗਲੈਂਡ ’ਚ ਡਿਊਕ ਗੇਂਦ ਨੂੰ ਛੱਡ ਇਹ ਬਕਵਾਸ ਹੈ।"