ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਲਈ ਖੇਡਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੇ ਪਿਤਾ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਸਿਰਾਜ ਇਸ ਸਮੇਂ ਭਾਰਤੀ ਟੀਮ ਨਾਲ ਆਸਟ੍ਰੇਲੀਆ ਦੇ ਦੌਰੇ 'ਤੇ ਹਨ ਅਤੇ ਇਸ ਨੌਜਵਾਨ ਗੇਂਦਬਾਜ਼ ਨੇ ਟੀਮ ਨਾਲ ਰਹਿਣ ਦਾ ਫੈਸਲਾ ਕੀਤਾ ਹੈ। BCCI ਨੇ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
BCCI ਨੇ ਕਿਹਾ ਕਿ ਬੋਰਡ ਨੇ ਉਨ੍ਹਾਂ ਨਾਲ ਵਿਚਾਰ ਵਟਾਂਦਰੇ ਕੀਤੇ ਸੀ ਅਤੇ ਘਰ ਪਰਤਣ ਦਾ ਵੀ ਪ੍ਰਸਤਾਵ ਦਿੱਤਾ ਸੀ, ਪਰ ਸਿਰਾਜ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਅਤੇ ਆਸਟ੍ਰੇਲੀਆ ਵਿਚ ਰਹਿਣ ਦਾ ਫੈਸਲਾ ਕੀਤਾ ਹੈ।
BCCI ਨੇ ਇੱਕ ਬਿਆਨ ਵਿੱਚ ਕਿਹਾ, "ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਸ਼ੁੱਕਰਵਾਰ ਨੂੰ ਆਪਣੇ ਪਿਤਾ ਨੂੰ ਗੁਆ ਦਿੱਤਾ। BCCI ਨੇ ਸਿਰਾਜ ਨਾਲ ਗੱਲਬਾਤ ਕੀਤੀ ਅਤੇ ਸੋਗ ਦੇ ਸਮੇਂ ਉਸਨੂੰ ਆਪਣੇ ਪਰਿਵਾਰ ਨਾਲ ਰਹਿਣ ਲਈ ਘਰ ਜਾਣ ਦੀ ਪੇਸ਼ਕਸ਼ ਕੀਤੀ।"
ਬਿਆਨ ਮੁਤਾਬਕ, "ਤੇਜ਼ ਗੇਂਦਬਾਜ਼ ਨੇ ਟੀਮ ਦੇ ਨਾਲ ਹੀ ਰਹਿਣ ਦਾ ਫੈਸਲਾ ਕੀਤਾ ਹੈ। BCCI ਉਨ੍ਹਾਂ ਦਾ ਦੁੱਖ ਸਮਝਦੀ ਹੈ ਅਤੇ ਇਸ ਮੁਸ਼ਕਲ ਸਮੇਂ ਵਿੱਚ ਉਸਦਾ ਸਾਥ ਦੇਵੇਗੀ।"
BCCI ਨੇ ਨਾਲ ਹੀ ਮੀਡੀਆ ਨੂੰ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਸਿਰਾਜ ਦੀ ਪਰਦੇਦਾਰੀ ਦਾ ਸਨਮਾਨ ਕਰੇ।
BCCI ਦੇ ਮੁਖੀ ਅਤੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਸਿਰਾਜ ਦੇ ਪਿਤਾ ਦੀ ਮੌਤ ‘ਤੇ ਸੋਗ ਜ਼ਾਹਰ ਕੀਤਾ ਹੈ।
ਸਿਰਾਜ ਆਈਪੀਐਲ ਵਿੱਚ ਰੌਇਲ ਚੈਲੇਂਜਰਜ਼ ਬੰਗਲੌਰ ਲਈ ਖੇਡਦੇ ਹਨ। ਕਲੱਬ ਨੇ ਟਵਿਟਰ ਰਾਹੀਂ ਸਿਰਾਜ ਨਾਲ ਦੁੱਖ ਸਾਂਝਾ ਕੀਤਾ ਹੈ।
ਸਿਰਾਜ ਨੂੰ ਭਾਰਤੀ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਸਮੇਂ ਸਿਡਨੀ ਕੁਆਰੰਟੀਨ ਹੱਬ ਵਿੱਚ ਹਨ। ਕੋਵਿਡ ਨਾਲ ਸਬੰਧਤ ਪਾਬੰਦੀਆਂ ਕਾਰਨ ਵੀ ਉਹ ਆਪਣੇ ਪਿਤਾ ਦੇ ਅੰਤਿਮ ਸਸਕਾਰ ਲਈ ਭਾਰਤ ਵਾਪਸ ਨਹੀਂ ਪਰਤ ਸਕਣਗੇ।