ਨਵੀਂ ਦਿੱਲੀ: ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਵਿਰਾਟ ਕੋਹਲੀ ਦੇ ਟੈਸਟ ਮੈਚਾਂ ਤੋਂ ਪਹਿਲਾਂ ਆਸਟ੍ਰੇਲੀਆ ਛੱਡਣ ਦੇ ਫ਼ੈਸਲੇ 'ਤੇ ਟਿਪਣੀ ਕੀਤੀ ਹੈ।
ਕਲਾਰਕ ਬੋਲੇ ਜੇ ਵਿਰਾਟ ਕੋਹਲੀ ਆਸਟ੍ਰੇਲੀਆ ਛੱਡਣ ਤੋਂ ਪਹਿਲਾਂ ਇੱਕ ਰੋਜ਼ਾ ਅਤੇ ਟੀ -20 ਮੈਚਾਂ ਵਿੱਚ ਸੁਰ ਸਥਾਪਤ ਕਰਨ ਵਿੱਚ ਅਸਫ਼ਲ ਰਹੇ ਤਾਂ ਭਾਰਤੀ ਟੀਮ ਨੂੰ ਚਾਰ ਮੈਚਾਂ ਦੀ ਟੈਸਟ ਲੜੀ ਵਿੱਚ ਕਲੀਨ ਸਵੀਪ ਤੋਂ ਗੁਜ਼ਰਨਾ ਪੈ ਸਕਦਾ ਹੈ। ਕੋਹਲੀ 3 ਇੱਕ ਰੋਜ਼ਾ ਅਤੇ 3 ਟੀ-20 ਮੈਚਾਂ ਅਤੇ 4 ਮੈਚਾਂ ਦੀ ਟੈਸਟ ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਦੀ ਅਗਵਾਈ ਕਰਨ ਤੋਂ ਬਾਅਦ ਘਰ ਪਰਤਣਗੇ।
ਕੋਹਲੀ ਪਿਤਾ ਬਣਨ ਵਾਲੇ ਹਨ ਅਤੇ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਉਨ੍ਹਾਂ ਨੂੰ ਵਲਦੀਅਤ ਛੁੱਟੀ ਦਿੱਤੀ ਹੈ। ਇਸ ਕਾਰਨ ਉਹ ਪਹਿਲੇ ਟੈਸਟ ਤੋਂ ਬਾਅਦ ਭਾਰਤ ਮੁੜਣਗੇ।
ਕਲਾਰਕ ਨੇ ਮੰਗਲਵਾਰ ਨੂੰ ਇੱਕ ਚੈਨਲ ਨੂੰ ਕਿਹਾ, "ਵਿਰਾਟ ਕੋਹਲੀ ਨੂੰ ਇੱਕ ਰੋਜ਼ਾ ਅਤੇ ਟੀ-20 ਮੈਚਾਂ ਵਿੱਚ ਮੂਹਰੇ ਤੋਂ ਹੀ ਅਗਵਾਈ ਕਰਨੀ ਪਵੇਗੀ। ਕੋਹਲੀ ਸਿਰਫ ਇੱਕ ਟੈਸਟ ਮੈਚ ਖੇਡਣਗੇ, ਪਰ ਉਹ ਫਿਰ ਵੀ ਟੈਸਟ ਮੈਚਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।"
ਉਨ੍ਹਾਂ ਕਿਹਾ, "ਜੇ ਭਾਰਤੀ ਟੀਮ ਇੱਕ ਰੋਜ਼ਾ ਅਤੇ ਟੀ-20 ਵਿੱਚ ਸਫ਼ਲ ਨਹੀਂ ਹੁੰਦੀ ਤਾਂ ਉਨ੍ਹਾਂ ਨੂੰ ਟੈਸਟ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਨ੍ਹਾਂ ਨੂੰ 0-4 ਦੀ ਹਾਰ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।"
ਕਲਾਰਕ ਦਾ ਮੰਨਣਾ ਹੈ ਕਿ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਸਟ੍ਰੇਲੀਆ ਵਿਰੁੱਧ ਹਮਲਾਵਰ ਗੇਂਦਬਾਜ਼ੀ ਕਰਨ ਦੀ ਜ਼ਰੂਰਤ ਹੈ ਕਿਉਂਕਿ ਕੰਗਾਰੂਆਂ ਦੀ ਬੱਲੇਬਾਜ਼ੀ ਪਿਛਲੀ ਵਾਰ ਨਾਲੋਂ ਇਸ ਵਾਰ ਜ਼ਿਆਦਾ ਮਜ਼ਬੂਤ ਹੈ।
ਸਾਬਕਾ ਕਪਤਾਨ ਨੇ ਕਿਹਾ, "ਬੁਮਰਾਹ ਬਹੁਤ ਤੇਜ਼ ਹਨ, ਇਸ ਲਈ ਮੇਰਾ ਮੰਨਣਾ ਹੈ ਕਿ ਉਸ ਨੂੰ ਟੋਨ ਸੈੱਟ ਕਰਨ ਦੀ ਲੋੜ ਨਹੀਂ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਆਸਟ੍ਰੇਲੀਆਈ ਬੱਲੇਬਾਜ਼ਾਂ ਸਾਹਮਣੇ ਹਮਲਾਵਰ ਗੇਂਦਬਾਜ਼ੀ ਕਰਨ ਦੀ ਲੋੜ ਹੈ।"
ਇਸ ਦੌਰਾਨ ਕ੍ਰਿਕਟ ਆਸਟ੍ਰੇਲੀਆ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬਾਰਡਰ-ਗਾਵਸਕਰ ਟਰਾਫੀ ਦੇ ਤਹਿਤ ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਐਡਿਲੇਡ ਵਿੱਚ ਤੈਅ ਸੂਚੀ ਮੁਤਾਬਕ ਹੀ ਹੋਵੇਗਾ।