ਸਿਡਨੀ: ਭਾਰਤੀ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ ਨੇ ਆਸਟ੍ਰੇਲੀਆ ਏ ਖ਼ਿਲਾਫ਼ ਗੁਲਾਬੀ ਗੇਂਦ ਨਾਲ ਅਭਿਆਸ ਮੈਚ ਦੇ ਪਹਿਲੇ ਦਿਨ ਪ੍ਰਥਮ ਸ਼੍ਰੇਣੀ ਕ੍ਰਿਕੇਟ ’ਚ ਪਹਿਲਾਂ ਅਰਧ-ਸੈਂਕੜਾ ਬਣਾਇਆ। ਬੁਮਰਾਹ ਨੇ 57 ਗੇਦਾਂ ’ਚ 55 ਦੌੜਾਂ ਬਣਾਈਆਂ।
ਭਾਰਤੀ ਟੀਮ 48.3 ਓਵਰਾਂ ’ਚ 194 ਦੌੜਾਂ ’ਤੇ ਆਊਟ ਹੋ ਗਈ। ਭਾਰਤੀ ਬੱਲੇਬਾਜਾਂ ਨੂੰ ਜਿੱਥੇ ਦੌੜਾਂ ਬਣਾਉਣ ’ਚ ਦਿਕੱਤ ਹੋ ਰਹੀ ਸੀ, ਉੱਥੇ ਹੀ ਬੁਮਰਾਹ ਨੇ ਸ਼ਾਨਦਾਰ ਬੱਲੇਬਾਜੀ ਕਰਦਿਆਂ ਛੇ ਚੌਕੇ ਅਤੇ ਦੋ ਛੱਕੇ ਲਾਏ। ਬੁਮਰਾਹ ਅਤੇ ਮੁਹੰਮਦ ਸਿਰਾਜ ਨੇ ਦਸਵੇਂ ਵਿਕਟ ਲਈ 71 ਦੌੜਾਂ ਦੀ ਸਾਂਝੇਦਾਰੀ ਕੀਤੀ।
ਇਸ ਤੋਂ ਇਲਾਵਾ ਆਸਟ੍ਰੇਲੀਆ ਏ ਦੇ ਕੈਮਰਨ ਗ੍ਰੀਨ ਨੂੰ ਭਾਰਤ ਵਿਰੁੱਧ ਖੇਡੇ ਜਾ ਰਹੇ ਅਭਿਆਸ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਗੇਂਦਬਾਜੀ ਕਰਦਿਆਂ ਸਿਰ ’ਚ ਗੇਂਦ ਵੱਜ ਗਈ ਜਿਸ ਕਾਰਨ ਉਨ੍ਹਾਂ ਨੂੰ ਮੈਦਾਨ ਛੱਡ ਜਾਣਾ ਪਿਆ।
ਸਿਡਨੀ ਕ੍ਰਿਕੇਟ ਗਰਾਊਂਡ (ਐੱਸਸੀਜੀ) ’ਤੇ ਖੇਡੇ ਜਾ ਰਹੇ ਤਿੰਨ ਦਿਨਾ ਦਿਨ-ਰਾਤ ਫਾਰਮੈਟ ਦੇ ਮੈਚ ’ਚ ਗ੍ਰੀਨ, ਜਸਪ੍ਰੀਤ ਬੁਮਰਾਹ ਨੂੰ ਗੇਂਦਬਾਜੀ ਕਰ ਰਹੇ ਸਨ। ਬੁਮਰਾਹ ਨੇ ਗ੍ਰੀਨ ਦੀ ਗੇਂਦ ’ਤੇ ਸ੍ਰਟੇਟ ਡ੍ਰਾਈਵ ਲਾਈ। ਗ੍ਰੀਨ ਨੇ ਪਹਿਲੇ ਅਭਿਆਸ ਮੈਚ ਦੌਰਾਨ ਸੈਂਕੜਾ ਜੜ੍ਹਿਆ ਸੀ। ਆਸਟ੍ਰੇਲੀਆ ਏ ਦੀ ਮੈਡੀਕਲ ਟੀਮ ਨੇ ਉਨ੍ਹਾ ਦਾ ਨਿਰੀਖਣ ਕੀਤਾ ਅਤੇ ਬਾਅਦ ’ਚ ਉਹ ਬਾਹਰ ਚੱਲੇ ਗਏ।
ਅਭਿਆਸ ਮੈਚ ’ਚ ਇਹ ਦੂਸਰੀ ਵਾਰ ਹੈ ਕਿ ਆਸਟ੍ਰੇਲੀਆ ਦੇ ਕਿਸੇ ਖਿਡਾਰੀ ਨੂੰ ਸਿਰ ’ਚ ਗੇਂਦ ਵੱਜੀ ਹੈ, ਪਹਿਲੇ ਅਭਿਆਸ ਮੈਚ ਦੌਰਾਨ ਵਿਲ ਪੁਕੋਵਸਕੀ ਦੇ ਸਿਰ ’ਚ ਗੇਂਦ ਵੱਜ ਗਈ ਸੀ ਅਤੇ ਇਸੇ ਕਾਰਣ ਉਹ ਇਸ ਮੈਚ ’ਚ ਖੇਡ ਨਹੀਂ ਰਹੇ ਹਨ।