ਨਵੀਂ ਦਿੱਲੀ: ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2023 ਸ਼ੁਰੂ ਹੋ ਗਿਆ ਹੈ। ਇਸ ਟੂਰਨਾਮੈਂਟ ਦਾ ਪਹਿਲਾ ਮੈਚ 10 ਫਰਵਰੀ ਦਿਨ ਸ਼ੁੱਕਰਵਾਰ ਰਾਤ 11 ਵਜੇ ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਗਿਆ। ਇਸ ਮਹਿਲਾ ਟੀ-20 ਵਿਸ਼ਵ ਕੱਪ 'ਚ ਭਾਰਤੀ ਟੀਮ ਆਪਣਾ ਪਹਿਲਾ ਮੈਚ ਪਾਕਿਸਤਾਨ ਨਾਲ ਖੇਡੇਗੀ। ਇਹ ਮੈਚ ਦੱਖਣੀ ਅਫਰੀਕਾ ਦੇ ਕੇਪਟਾਊਨ 'ਚ 12 ਫਰਵਰੀ ਨੂੰ ਖੇਡਿਆ ਜਾਵੇਗਾ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਇਹ ਮੈਚ ਕਾਫੀ ਰੋਮਾਂਚਕ ਹੋ ਸਕਦਾ ਹੈ। ਇਸ ਮੈਚ 'ਚ ਭਾਰਤੀ ਟੀਮ ਦੇ ਇਹ ਖਿਡਾਰੀ ਪਾਕਿਸਤਾਨ 'ਤੇ ਭਾਰੀ ਪੈ ਸਕਦੇ ਹਨ। ਇਸ ਲਈ ਸਾਰਿਆਂ ਦੀਆਂ ਨਜ਼ਰਾਂ ਇਨ੍ਹਾਂ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਟਿਕੀਆਂ ਹੋਈਆਂ ਹਨ।
ਭਾਰਤੀ ਟੀਮ 12 ਫਰਵਰੀ ਨੂੰ ਸ਼ਾਮ 6.30 ਵਜੇ ਕੇਪਟਾਊਨ 'ਚ ਪਾਕਿਸਤਾਨ ਨਾਲ ਮੈਚ ਖੇਡੇਗੀ। ਇਸ ਮੈਚ 'ਚ ਟੀਮ ਇੰਡੀਆ ਦੀਆਂ ਖਿਡਾਰਨਾਂ ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ ਅਤੇ ਰਿਚਾ ਘੋਸ਼ ਦੇ ਪ੍ਰਦਰਸ਼ਨ 'ਤੇ ਪ੍ਰਸ਼ੰਸਕਾਂ ਦੀ ਨਜ਼ਰ ਹੋਵੇਗੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਤਿੰਨੇ ਖਿਡਾਰੀ ਮੈਚ ਦਾ ਰੁਖ ਮੋੜ ਸਕਦੇ ਹਨ, ਜਿਸ ਨਾਲ ਪਾਕਿਸਤਾਨੀ ਟੀਮ ਦੀਆਂ ਮੁਸ਼ਕਿਲਾਂ ਵਧ ਜਾਣਗੀਆਂ। ਮਹਿਲਾ ਭਾਰਤੀ ਟੀਮ ਦੀ ਸਟਾਰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਪਾਕਿਸਤਾਨ ਖ਼ਿਲਾਫ਼ ਅਹਿਮ ਭੂਮਿਕਾ ਨਿਭਾਏਗੀ। ਦੱਸ ਦੇਈਏ ਕਿ ਮੰਧਾਨਾ ਟੀਮ ਦੀ ਮੁੱਖ ਬੱਲੇਬਾਜ਼ ਹੈ ਅਤੇ ਮੰਧਾਨਾ ਨੇ ਭਾਰਤ ਲਈ ਹੁਣ ਤੱਕ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਮੰਧਾਨਾ ਨੇ 27.32 ਦੀ ਔਸਤ ਅਤੇ 123.13 ਦੇ ਸਟ੍ਰਾਈਕ ਰੇਟ ਨਾਲ ਕੁੱਲ 2651 ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ: Ravindra Jadeja: ਭਾਰਤ-ਆਸਟ੍ਰੇਲੀਆ ਸੀਰੀਜ਼ 'ਚ ਚੱਲਿਆ ਰਵਿੰਦਰ ਜਡੇਜਾ ਦਾ ਜਾਦੂ, ਆਸਟ੍ਰੇਲੀਆ ਦੇ ਸਾਬਕਾ ਕਪਤਾਨ ਵੀ ਹੋਏ ਫੈਨ
ਭਾਰਤੀ ਟੀਮ ਨੇ ਹਾਲ ਹੀ ਵਿੱਚ ਨੌਜਵਾਨ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਦੀ ਕਪਤਾਨੀ ਵਿੱਚ ਮਹਿਲਾ ਅੰਡਰ-19 ਵਿਸ਼ਵ ਕੱਪ 2023 ਜਿੱਤਿਆ ਹੈ। ਅੰਡਰ-19 ਵਿਸ਼ਵ ਕੱਪ 'ਚ ਸ਼ੈਫਾਲੀ ਵਰਮਾ ਨੇ ਤੇਜ਼ ਬੱਲੇਬਾਜ਼ੀ ਕਰਦੇ ਹੋਏ 7 ਮੈਚਾਂ 'ਚ 193.26 ਦੀ ਸਟ੍ਰਾਈਕ ਰੇਟ ਨਾਲ 172 ਦੌੜਾਂ ਬਣਾਈਆਂ ਹਨ। ਸ਼ੈਫਾਲੀ ਵਰਮਾ ਇਸ ਸਮੇਂ ਸ਼ਾਨਦਾਰ ਫਾਰਮ 'ਚ ਚੱਲ ਰਹੀ ਹੈ। ਟੀਮ ਇੰਡੀਆ ਦੀ ਵਿਕਟਕੀਪਰ ਰਿਚਾ ਘੋਸ਼ ਮੈਚ ਦਾ ਰੁਖ ਪਲ ਪਲ ਪਲਟਣ ਦੀ ਤਾਕਤ ਰੱਖਦੀ ਹੈ। ਰਿਚਾ ਘੋਸ਼ ਨੇ ਹੁਣ ਤੱਕ ਭਾਰਤੀ ਟੀਮ ਲਈ ਕੁੱਲ 30 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਸ 'ਚ ਉਸ ਨੇ 134.27 ਦੀ ਸਟ੍ਰਾਈਕ ਨਾਲ 427 ਦੌੜਾਂ ਬਣਾਈਆਂ ਹਨ।