ਹੈਦਰਾਬਾਦ: ਸਟਾਰ ਬੰਗਲਾਦੇਸ਼ੀ ਆਲ-ਰਾਊਂਡਰ ਸ਼ਾਕਿਬ ਅਲ ਹਸਨ ਏਅਰ ਬਬਲ ਵਿਵਸਥਾ ਰਾਹੀਂ ਭਾਰਤ ਆਉਣਗੇ। ਇਸ ਦੀ ਜਾਣਕਾਰੀ ਬੰਗਲਾਦੇਸ਼ ਸਥਿਤ ਹਾਈ ਕਮੀਸ਼ਨ ਆਫ ਇੰਡੀਆ ਨੇ ਦਿੱਤੀ ਹੈ।
ਹਾਈ ਕਮੀਸ਼ਨ ਨੇ ਬੁੱਧਵਾਰ ਨੂੰ ਆਪਣੇ ਟਵਿੱਟਰ ਹੈਂਡਲ ਉੱਤੇ ਕਿਹਾ ਕਿ ਟਾਪ ਬੰਗਲਾਦੇਸ਼ੀ ਕ੍ਰਿਕਟਰ ਅਤੇ ਸਾਬਕਾ ਕਪਤਾਨ ਸ਼ਾਕਿਬ ਅਲ ਹਸਨ ਹਾਈ ਕਮੀਸ਼ਨ ਵਿੱਚ ਅੱਜ ਪਹੁੰਚਣਗੇ। ਇਹ ਖਿਡਾਰੀ ਭਾਰਤ ਅਤੇ ਬੰਗਲਾਦੇਸ਼ ਵਿੱਚ ਬੇਹੱਦ ਮਸ਼ਹੂਰ ਹਨ। ਉਹ ਭਾਰਤ ਬੰਗਲਾਦੇਸ਼ ਏਅਰ ਬਬਲ ਅਰੇਂਜਮੈਂਟ ਰਾਹੀਂ ਭਾਰਤ ਆਉਣਗੇ।
ਪਿਛਲੇ ਮਹੀਨੇ ਹਾਈ ਕਮੀਸ਼ਨ ਨੇ ਕਿਹਾ ਸੀ ਕਿ ਜੋ ਲੋਕ ਬੰਗਲਾਦੇਸ਼ ਤੋਂ ਭਾਰਤ ਆਉਣਾ ਚਾਹੁੰਦੇ ਹਨ ਉਹ ਏਅਰ ਬਬਲ ਅਰੇਂਜਮੈਂਟ ਰਾਹੀਂ ਆ ਸਕਦੇ ਹਨ। ਜ਼ਿਕਰਯੋਗ ਹੈ ਕਿ ਖੱਬੇ ਹੱਥ ਦੇ ਆਲ-ਰਾਊਂਡਰ ਸ਼ਾਕਿਬ ਨੂੰ ਆਈਸੀਸੀ ਨੇ 2 ਸਾਲ ਦੇ ਲਈ ਬੈਨ ਕਰ ਦਿੱਤਾ ਸੀ। ਉਨ੍ਹਾਂ ਦਾ ਬੈਨ ਪਿਛਲੇ ਮਹੀਨੇ 29 ਅਕਤੂਬਰ ਨੂੰ ਖ਼ਤਮ ਹੋਇਆ ਸੀ। ਹੁਣ ਉਹ ਦੁਬਾਰਾ ਆਪਣੀ ਟੀਮ ਦੇ ਲਈ ਖੇਡ ਸਕਦੇ ਹਨ। ਸ਼ਾਕਿਬ ਲੌਕਡਾਊਨ ਦੇ ਸਮੇਂ ਯੂਐਸ ਵਿੱਚ ਆਪਣੀ ਪਤਨੀ ਦੇ ਪੇਕੇ ਘਰ ਵਿੱਚ ਰਹਿ ਰਹੇ ਸੀ।
33 ਸਾਲਾ ਦੇ ਸ਼ਾਕਿਬ ਨੇ ਆਪਣਾ ਫਿੱਟਨੇਸ ਟੈਸਟ ਪਾਸ ਕਰ ਲਿਆ ਹੈ ਅਤੇ ਹੁਣ ਉਹ ਆਉਣ ਵਾਲੀ ਬੰਗਬੰਧੂ ਟੀ -20 ਕੱਪ ਵਿੱਚ ਖੇਡਦੇ ਹੋਏ ਨਜ਼ਰ ਆਉਣਗੇ। ਸ਼ਾਕਿਬ ਨੇ ਆਪਣੇ ਦੇਸ਼ ਲਈ 56 ਟੈਸਟ, 206 ਵਨ-ਡੇ ਅਤੇ 76 ਟੀ-20 ਖੇਡੇ ਹਨ। ਉਨ੍ਹਾਂ ਨੇ ਟੈਸਟ ਵਿੱਚ 3862 ਦੌੜਾਂ, ਵਨਡੇ ਵਿੱਚ 6323 ਦੌੜਾਂ ਅਤੇ ਟੀ-20 ਵਿੱਚ 1567 ਦੌੜਾਂ ਹਾਸਲ ਕੀਤੀਆਂ ਹਨ। ਉੱਥੇ ਹੀ ਉਨ੍ਹਾਂ ਨੇ 210 ਵਿਕਟ ਟੈਸਟ ਵਿੱਚ, 260 ਵਿਕਟ ਵਨਡੇ ਵਿੱਚ ਅਤੇ 92 ਵਿਕਟ ਟੀ-20 ਵਿੱਚ ਲੈ ਚੁੱਕੇ ਹਨ।