ਕਰਾਚੀ: ਪਾਕਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਸਲਾਨੇ ਬਜਟ 'ਚ ਦਸ ਫੀਸਦੀ ਦੀ ਕਟੌਤੀ ਕਰ ਉਸ ਦਾ ਸਭ ਤੋਂ ਵੱਡਾ ਹਿੱਸਾ 7 ਅਰਬ 76 ਕਰੋੜ ਰੁਪਏ ਘਰੇਲੂ ਕ੍ਰਿਕਟ ਦੇ ਵਿਕਾਸ ਲਈ ਵੰਡੇ ਹਨ। ਬੋਰਡ ਆਫ ਗਵਰਨਰਜ਼ ਨੇ ਸ਼ੁੱਕਰਵਾਰ ਨੂੰ ਇਸ ਬਜਟ ਨੂੰ ਮਨਜੂਰੀ ਦਿੱਤੀ। ਬਜਟ ਅਲਾਟਮੈਂਟ ਦੇ ਕੁੱਲ ਖ਼ਰਚੇ ਦਾ 71 ਫੀਸਦੀ ਕ੍ਰਿਕਟ ਗਤੀਵਿਧੀਆਂ ਨੂੰ ਦਿੱਤਾ ਗਿਆ ਹੈ।
ਇਸ ਵਿਚੋਂ 25.2 ਫੀਸਦੀ ਘਰੇਲੂ ਕ੍ਰਿਕਟ ਅਤੇ ਕੌਮੀ ਕ੍ਰਿਕਟ ਲਈ 19.3 ਫੀਸਦੀ ਰੱਖਿਆ ਗਿਆ ਹੈ, ਜਦੋਂ ਕਿ ਮਹਿਲਾ ਕ੍ਰਿਕਟ ਲਈ 5.5 ਫੀਸਦੀ, ਪੀਐਸਐਲ 2021 ਲਈ 19.7 ਪ੍ਰਤੀਸ਼ਤ ਅਤੇ ਮੈਡੀਕਲ ਅਤੇ ਖੇਡ ਵਿਗਿਆਨ ਲਈ 1.5 ਫੀਸਦੀ ਬਜਟ ਰਾਖਵਾਂ ਰੱਖਿਆ ਗਿਆ ਹੈ। ਅਹਿਸਾਨ ਮਨੀ ਦੀ ਪ੍ਰਧਾਨਗੀ 'ਚ ਹੋਈ ਵੀਡੀਓ ਕਾਨਫਰੰਸ 'ਚ ਬਜਟ ਨੂੰ ਦਸ ਫੀਸਦੀ ਘਟਾਉਣ ਦਾ ਵੀ ਫੈਸਲਾ ਲਿਆ ਗਿਆ ਹੈ।
ਪੀਸੀਬੀ ਨੇ ਸ਼ਨੀਵਾਰ ਨੂੰ 20 ਖਿਡਾਰੀਆਂ ਅਤੇ 11 ਸਹਿਯੋਗੀ ਸਟਾਫ ਨੂੰ ਇੰਗਲੈਂਡ ਜਾਣ ਦੀ ਮੰਜ਼ੂਰੀ ਦਿੱਤੀ ਹੈ। ਟੀਮ ਐਤਵਾਰ ਨੂੰ ਮੈਨਚੇਸਟਰ ਲਈ ਉਡਾਣ ਭਰੇਗੀ। ਪਾਕਿਸਤਾਨ ਨੂੰ ਇੰਗਲੈਂਡ ਵਿਚ ਅਗਸਤ-ਸਤੰਬਰ ਦੌਰਾਨ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਅਤੇ ਇੰਗਲੈਂਡ 'ਚ ਇਨ੍ਹੇ ਹੀ ਮੈਚਾਂ ਦੀ ਟੀ -20 ਸੀਰੀਜ਼ ਖੇਡਣੀ ਹੈ।
ਮੈਨਚੇਸਟਰ ਪਹੁੰਚਣ ਤੋਂ ਬਾਅਦ ਟੀਮ ਵਾਕਰੇਸਟਰਸ਼ਾਇਰ ਲਈ ਰਵਾਨਾ ਹੋਵੇਗੀ ਜਿੱਥੇ ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਰਾਹੀਂ ਟੀਮ ਦਾ ਟੈਸਟ ਕੀਤਾ ਜਾਵੇਗਾ ਅਤੇ ਫਿਰ ਟੀਮ ਨੂੰ 14 ਦਿਨਾਂ ਲਈ ਏਕਾਂਤਵਾਸ ਕੀਤਾ ਜਾਵੇਗਾ। 13 ਜੁਲਾਈ ਨੂੰ ਟੀਮ ਡਰਬੀਸ਼ਾਇਰ ਲਈ ਰਵਾਨਾ ਹੋਵੇਗੀ।
ਪੀਸੀਬੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਸੀਮ ਖਾਨ ਨੇ ਕਿਹਾ, “ਜੋ ਅਸੀਂ ਕੀਤਾ ਹੈ ਉਹ ਇੱਕ ਬਹੁਤ ਹੀ ਚੁਣੌਤੀਪੂਰਨ ਅਤੇ ਮੁਸ਼ਕਲ ਪ੍ਰਕਿਰਿਆ ਹੈ । ਮੈਨੂੰ ਖੁਸ਼ੀ ਹੈ ਕਿ ਦੂਜੇ ਗੇੜ ਦੇ ਟੈਸਟਾਂ ਤੋਂ ਬਾਅਦ ਅਸੀਂ 20 ਖਿਡਾਰੀ ਅਤੇ 11 ਸਹਾਇਕ ਅਮਲੇ ਨੂੰ ਇੰਗਲੈਂਡ ਭੇਜਣ ਲਈ ਤਿਆਰ ਹਾਂ।”