ਕਰਾਚੀ: ਪਾਕਿਸਤਾਨ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਇਸ ਸਾਲ ਏਸ਼ੀਆ ਕੱਪ ਦੀ ਮੇਜਬਾਨੀ ਪਾਕਿਸਤਾਨ ਨੂੰ ਦਿੱਤੀ ਗਈ ਸੀ ਪਰ ਬੀਸੀਸੀਆਈ ਨੇ ਭਾਰਤੀ ਟੀਮ ਨੂੰ ਪਾਕਿਸਤਾਨ ਦੌਰੇ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਤੋਂ ਬਾਅਦ ਹੁਣ ਟੂਰਨਾਮੈਂਟ ਨੂੰ ਪਾਕਿਸਤਾਨ ਤੋਂ ਖੋਹ ਲਿਆ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਟੂਰਨਾਮੈਂਟ ਆਸਟਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਹੋਣ ਵਾਲਾ ਸੀ ਪਰ ਹੁਣ ਪਾਕਿਸਤਾਨ ਇਸ ਦੀ ਮੇਜ਼ਬਾਨੀ ਨਹੀਂ ਕਰੇਗਾ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇਸ ਟੂਰਨਾਮੈਂਟ ਦਾ ਸਥਾਨ ਬਦਲਿਆ ਜਾਵੇਗਾ, ਜਿਵੇਂ ਕੁੱਝ ਸਾਲ ਪਹਿਲਾਂ ਭਾਰਤ ਨੂੰ ਇਸ ਦੀ ਮੇਜ਼ਬਾਨੀ ਮਿਲੀ ਸੀ ਪਰ ਵੈਨਯੂ ਨੂੰ ਭਾਰਤ ਤੋਂ ਯੂਏਈ ਤਬਦੀਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਭਾਰਤੀ ਟੀਮ ਤੋਂ ਬਾਹਰ ਹੋਣ 'ਤੇ ਸੰਜੂ ਸੈਮਸਨ ਦੇ ਟਵੀਟ ਉੱਤੇ ਹੋਇਆ ਹੰਗਾਮਾ
ਦੱਸ ਦਈਏ ਕਿ 2007 ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਵੱਲੀ ਟੈਸਟ ਲੜੀ ਨਹੀਂ ਖੇਡੀ ਗਈ ਹੈ। ਇਸ ਦੇ ਨਾਲ ਹੀ, ਸਾਲ 2012 ਵਿੱਚ ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਅਤੇ ਦੋ ਮੈਚਾਂ ਦੀ ਟੀ-20 ਲੜੀ ਖੇਡੀ ਗਈ ਸੀ। ਇਸ ਤੋਂ ਇਲਾਵਾ ਏਸ਼ੀਆ ਕੱਪ ਵਿੱਚ ਹੀ ਦੋਵੇਂ ਟੀਮਾਂ ਦਾ ਸਾਹਮਣਾ ਹੁੰਦਾ ਹੈ।
ਭਾਰਤ ਨੇ ਆਖ਼ਰੀ ਵਾਰ ਸਾਲ 2008 ਵਿੱਚ ਪਾਕਿਸਤਾਨ 'ਚ ਮੈਚ ਖੇਡਿਆ ਸੀ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਦੇ ਸੀਈਓ ਨਿਜ਼ਾਮੂਦੀਨ ਚੌਧਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਦੇ ਪਾਕਿਸਤਾਨ ਦੌਰੇ ਤੋਂ ਇਨਕਾਰ ਕਰਨ ਕਾਰਨ ਏਸ਼ੀਆ ਕੱਪ ਦੇ ਸਥਾਨ ਨੂੰ ਬਦਲਿਆ ਜਾ ਸਕਦਾ ਹੈ।