ਨਵੀਂ ਦਿੱਲੀ : ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਆਪਣੇ ਉਸ ਨਿਯਮ ਨੂੰ ਹਟਾ ਦਿੱਤਾ ਹੈ, ਜਿਸ ਦੀ ਮਦਦ ਨਾਲ ਇਸੇ ਸਾਲ ਖੇਡੇ ਗਏ ਵਿਸ਼ਵ ਕੱਪ ਫ਼ਾਇਨਲ ਦੇ ਜੇਤੂ ਦਾ ਫ਼ੈਸਲਾ ਹੋਇਆ ਸੀ। ਇਸੇ ਨਿਯਮ ਤਹਿਤ ਉਪ-ਜੇਤੂ ਬਣੀ ਨਿਊਜ਼ੀਲੈਂਡ ਦੇ ਖਿਡਾਰੀ ਜੇਮਸ ਨੀਸ਼ਮ ਨੇ ਇਸ ਉੱਤੇ ਆਈਸੀਸੀ ਦੀ ਟੰਗ ਖਿੱਚੀ ਹੈ।
ਨੀਸ਼ਮ ਨੇ ਟਵਿਟ ਕੀਤਾ ਕਿ ਏਜੰਡਾ ਵਿੱਚ ਅਗਲਾ ਕਦਮ : ਟਾਇਟੈਨਿਕ ਉੱਤੇ ਆਇਸ ਸਪੋਟਰਜ਼ ਲਈ ਵਧੀਆ ਦੂਰਬੀਨ।
ਇਸ ਟਵਿਟ ਦੇ ਨਾਲ ਨੀਸ਼ਮ ਨੇ ਉਸ ਸਟੋਰੀ ਦਾ ਲਿੰਕ ਵੀ ਲਾਇਆ ਹੈ ਜਿਸ ਵਿੱਚ ਆਈਸੀਸੀ ਵੱਲੋਂ ਇਸ ਨਿਯਮ ਨੂੰ ਹਟਾਉਣ ਦੀ ਖ਼ਬਰ ਹੈ।
ਵਿਸ਼ਵ ਕੱਪ ਫ਼ਾਇਨਲ ਵਿੱਚ ਇੰਗਲੈਂਡ ਅਤੇ ਨਿਊਜ਼ੀਲੈਂਡ ਦਾ ਮੈਚ 50 ਓਵਰਾਂ ਵਿੱਚ ਬਰਾਬਰ ਰਿਹਾ ਸੀ ਅਤੇ ਇਸ ਤੋਂ ਬਾਅਦ ਸੁਪਰ ਓਵਰ ਵਿੱਚ ਵੀ ਮੈਚ ਟਾਈ ਰਿਹਾ ਸੀ। ਜਿਸ ਤੋਂ ਬਾਅਦ ਫ਼ੈਸਲਾ ਇਸ ਗੱਲ ਉੱਤੇ ਨਿਕਲਿਆ ਸੀ ਕਿ ਕਿਸ ਟੀਮ ਨੇ ਮੈਚ ਵਿੱਚ ਜ਼ਿਆਦਾ ਬਾਉਂਡਰੀਆਂ ਲਾਈਆਂ ਹਨ। ਇਥੇ ਇੰਗਲੈਂਡ ਟੀਮ ਨੇ ਬਾਜ਼ੀ ਮਾਰ ਲਈ ਅਤੇ ਪਹਿਲੀ ਵਾਰ ਵਿਸ਼ਵ ਜੇਤੂ ਬਣੀ ਸੀ।
ਆਈਸੀਸੀ ਦੀ ਮੁੱਖ ਕਾਰਜ਼ਕਾਰੀ ਕਮੇਟੀ ਨੇ ਸੋਮਵਾਰ ਨੂੰ ਫ਼ੈਸਲਾ ਕੀਤਾ ਕਿ ਸੁਪਰ ਓਵਰ ਦੇ ਨਿਯਮ ਨੂੰ ਜਾਰੀ ਰੱਖੇਗੀ ਅਤੇ ਜ਼ਿਆਦਾ ਬਾਉਂਡਰੀ ਲਾਉਣ ਵਾਲੇ ਨਿਯਮ ਨੂੰ ਹਟਾ ਦੇਵੇਗੀ।
ਆਈਸੀਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਕ੍ਰਿਕਟ ਕਮੇਟੀ ਅਤੇ ਸੀਈਸੀ (ਆਈਸੀਸੀ ਚੀਫ਼ ਐਗਜ਼ਿਕਿਓਟਿਵ ਕਮੇਟੀ)ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਕਿ ਸੁਪਰ ਓਵਰ ਉਤਸ਼ਾਹਪੂਰਵਕ ਹੈ ਅਤੇ ਖੇਡ ਦਾ ਫ਼ੈਸਲਾ ਕਰਨ ਲਈ ਸਹੀ ਹੈ, ਇਸ ਲਈ ਇੱਕ ਦਿਨਾਂ ਅਤੇ ਟੀ-20 ਵਿਸ਼ਵ ਕੱਪ ਵਿੱਚ ਬਣਿਆ ਰਹੇਗਾ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਗਰੁਪੱ ਦੌਰ ਵਿੱਚ ਜੇ ਸੁਪਰ ਓਵਰ ਟਾਈ ਰਹਿੰਦਾ ਹੈ ਤਾਂ ਮੈਚ ਟਾਈ ਵੀ ਰਹੇਗਾ। ਸੈਮੀਫ਼ਾਇਨਲ ਅਤੇ ਫ਼ਾਇਨਲ ਵਿੱਚ ਸੁਪਰ ਓਵਰ ਦੇ ਨਿਯਮਾਂ ਵਿੱਚ ਇੱਕ ਬਦਲਾਅ ਕੀਤਾ ਗਿਆ ਹੈ ਕਿ ਜਦੋਂ ਤੱਕ ਇੱਕ ਟੀਮ ਜਿੱਤ ਨਹੀਂ ਜਾਂਦੀ ਉਦੋਂ ਤੱਕ ਸੁਪਰ ਓਵਰ ਜਾਰੀ ਰਹੇਗਾ।