ਬਰਮਿੰਘਮ : ਵਿਸ਼ਵ ਕੱਪ ਜਿੱਤਣ ਤੋਂ ਬਾਅਦ ਇੰਗਲੈਂਡ ਦੇ ਸਾਹਮਣੇ ਹੁਣ ਇੱਕ ਹੋਰ ਵੱਡੀ ਲੜੀ-ਏਸ਼ੇਜ਼ ਲੜੀ ਇੰਤਜਾਰ ਕਰ ਰਹੀ ਹੈ ਜਿਥੇ ਉਹ ਆਸਟ੍ਰੇਲੀਆ ਵਿਰੁੱਧ ਮੈਦਾਨ ਉੱਤੇ ਉਤਰੇਗੀ। ਇਸ ਲੜੀ ਦੀ ਸ਼ੁਰੂਆਤ ਵੀਰਵਾਰ ਤੋਂ ਬਰਮਿੰਘਮ ਵਿੱਚ ਹੋ ਰਹੀ ਹੈ ਅਤੇ ਇਸ ਦੇ ਨਾਲ ਆਈਸੀਸੀ ਵਿਸ਼ਵ ਟੈਸਟ ਚੈਂਪਿਅਨਸ਼ਿਪ ਦੀ ਸ਼ੁਰੂਆਤ ਵੀ ਹੋਵੇਗੀ।
ਟੈਸਟ ਚੈਂਪਿਅਨਸ਼ਿਪ ਦੇ ਆਉਣ ਨਾਲ ਖੇਡ ਦੇ ਲੰਬੇ ਰੂਪ ਵਿੱਚ ਨਿਸ਼ਚਿਤ ਤੌਰ ਉੱਤੇ ਰੁਮਾਂਚ ਵਧੇਗਾ। ਇਸ ਚੈਂਪਿਅਨਸ਼ਿਪ ਦਾ ਅੰਤ ਜੁਲਾਈ 2021 ਵਿੱਚ ਹੋਵੇਗਾ ਜਿਸ ਦੀ ਜੇਤੂ ਇੱਕ ਟੀਮ ਹੋਵੇਗੀ।
ਇੰਗਲੈਂਡ ਦੀ ਟੈਸਟ ਟੀਮ ਨੇ ਹਾਲਾਂ ਕਿ ਹੁਣੇ ਹੀ ਆਇਰਲੈਂਡ ਵਿਰੁੱਧ ਮੈਚ ਖੇਡਿਆ ਸੀ ਜਿਥੇ ਉਸ ਨੂੰ ਪ੍ਰੇਸ਼ਾਨੀ ਹੋਈ ਸੀ। ਉਹ ਆਸਟ੍ਰੇਲੀਆ ਵਰਗੀ ਟੀਮ ਵਿਰੁੱਧ ਉਸੇ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਗਲਤੀ ਨਹੀਂ ਕਰ ਸਕਦੀ ਕਿਉਂਕਿ ਆਇਰਲੈਂਡ ਵਿਰੁੱਧ ਇੰਗਲੈਂਡ ਨੂੰ ਵਾਪਸੀ ਦਾ ਮੌਕਾ ਮਿਲ ਗਿਆ ਸੀ ਪਰ ਟੈਸਟ ਵਿੱਚ ਆਪਣੀ ਬਾਦਸ਼ਾਹਤ ਨੂੰ ਦੁਬਾਰਾ ਹਾਸਿਲ ਕਰਨ ਲਈ ਆਸਟ੍ਰੇਲੀਆਂ ਇਸ ਤਰ੍ਹਾਂ ਦੇ ਮੌਕੇ ਨਹੀਂ ਦੇਵੇਗੀ।
ਪਿਛਲੇ ਇੱਕ ਸਾਲ ਵਿੱਚ ਆਸਟ੍ਰੇਲੀਆ ਦਾ ਰਿਕਾਰਡ ਖ਼ਰਾਬ
ਆਸਟ੍ਰੇਲੀਆਂ ਦਾ ਟੈਸਟ ਵਿੱਚ ਰਿਕਾਰਡ ਬੀਤੇ ਇੱਕ ਸਾਲ ਵਿੱਚ ਵਧੀਆ ਨਹੀਂ ਰਿਹਾ ਪਰ ਇਸ ਲੜੀ ਨਾਲ ਉਸ ਨੂੰ ਦੋ ਵਧੀਆ ਬੱਲੇਬਾਜ਼ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਵਾਪਸੀ ਕਰ ਰਹੇ ਹਨ। ਨਾਲ ਹੀ ਕੈਮਰੂਨ ਬੈਨਕ੍ਰਾਫ਼ਟ ਵੀ ਇਸ ਮੈਦਾਨ ਉੱਤੇ ਉੱਤਰਣ ਨੂੰ ਤਿਆਰ ਹਨ। ਇਹ ਤਿੰਨੋਂ ਬਾਲ ਨਾਲ ਛੇੜਛਾੜ ਮਾਮਲੇ ਨੂੰ ਲੈ ਕੇ ਰੋਕ ਲੱਗਣ ਤੋ ਬਾਅਦ ਆ ਰਹੇ ਅਤੇ ਆਪਣੇ ਆਪ ਨੂੰ ਸਾਬਿਤ ਕਰਨ ਲਈ ਬੇਕਰਾਰ ਹੋਣਗੇ।
ਇਹ ਵੀ ਪੜ੍ਹੋ : ਨੇਮਾਰ 'ਤੇ ਲੱਗੇ ਬਲਾਤਕਾਰ ਮਾਮਲੇ ਦੀ ਜਾਂਚ ਹੋਈ ਬੰਦ
ਉਸਮਾਨ ਖਵਾਜਾ ਵੀ ਫ਼ਿਟਨੈੱਸ ਟੈਸਟ ਵਿੱਚ ਪਾਸ ਹੋ ਗਏ ਹਨ ਅਤੇ ਅੰਤਿਮ-11 ਦਾ ਹਿੱਸਾ ਬਣਨ ਨੂੰ ਤਿਆਰ ਹਨ। ਗੇਂਦਬਾਜ਼ੀ ਵਿੱਚ ਆਸਟ੍ਰੇਲੀਆ ਥੋੜਾ ਸੰਭਲ ਕੇ ਚੋਣ ਕਰੇਗੀ। ਟੀਮ ਦੇ ਕਪਤਾਨ ਟਿਮ ਪੇਨ ਨੇ ਸਾਫ਼ ਕਰ ਦਿੱਤਾ ਹੈ ਕਿ ਪੈਟ ਕਮਿੰਸ, ਮਿਸ਼ੇਲ ਸਟਾਰਕ ਅਤੇ ਜੋਸ਼ ਹੇਜ਼ਲਵੁੱਡ ਇਕੱਠੇ ਮੈਦਾਨ ਉੱਤੇ ਨਹੀਂ ਉਤਰਣਗੇ। ਇਹ ਫ਼ੈਸਲਾ ਇੰਨ੍ਹਾਂ ਤਿੰਨਾਂ ਦੇ ਕਰਿਅਰ ਨੂੰ ਲੰਬਾ ਵਿਸਥਾਰ ਦੇਣ ਪੱਖੋਂ ਲਿਆ ਗਿਆ ਹੈ।
ਪਲੇਇੰਗ ਇਲੈਵਨ ਵਿੱਚ ਆਰਚਰ ਨਹੀਂ
ਇੰਗਲੈੰਡ ਨੇ ਪਲੇਇੰਗ ਇਲੈਵਨ ਵਿੱਚ ਜੋਫ਼ਰਾ ਆਰਚਰ ਨੂੰ ਥਾਂ ਨਹੀਂ ਦਿੱਤੀ ਹੈ। ਜੇਮਸ ਐਂਡਰਸਨ, ਸਟੁਆਰਟ ਬ੍ਰਾਡ ਪਹਿਲਾਂ ਤੋਂ ਹੀ ਟੀਮ ਵਿੱਚ ਹਨ ਅਤੇ ਆਰਚਰ ਦੇ ਨਾਲ ਮਿਲ ਕੇ ਇਹ ਤਿੰਨੋਂ ਕਿਸੇ ਵੀ ਬੱਲੇਬਾਜ਼ੀ ਕ੍ਰਮ ਨੂੰ ਹਿਲਾਉਣ ਦਾ ਦਮ ਰੱਖਦੇ ਹਨ।
ਬੱਲੇਬਾਜ਼ੀ ਵਿੱਚ ਇੰਗਲੈਂਡ ਨੂੰ ਉਮੀਦ ਹੋਵੇਗੀ ਕਿ ਜੇਸਨ ਰਾਏ, ਜਾਨੀ ਬੇਅਰਸਟੋ, ਕਪਤਾਨ ਜੋਅ ਰੂਟ, ਬੇਨ ਸਟੋਕਸ ਉਸੇ ਤਰ੍ਹਾਂ ਤਰ੍ਹਾਂ ਦਾ ਪ੍ਰਦਰਸ਼ਨ ਕਰੇ ਜਿਸ ਤਰ੍ਹਾਂ ਦਾ ਵਿਸ਼ਵ ਕੱਪ ਵਿੱਚ ਕੀਤਾ ਸੀ।
ਟੀਮਾਂ (ਸੰਭਾਵਨਾ) :
ਇੰਗਲੈਂਡ : ਜੋਅ ਰੂਟ (ਕਪਤਾਨ), ਬੇਨ ਸਟੋਕਸ, ਜੇਸਨ ਰਾਏ, ਜੋਅਏ ਡੇਨਲੇ, ਜਾਨੀ ਬੇਅਰਸਟੋ (ਕੀਪਰ), ਰੋਰੀ ਬਨਰਜ਼ਸ, ਮੋਇਨ ਅਲੀ, ਓਲੀ ਸਟੋਨ, ਜੋਸ ਬਟਲਰ, ਜੋਫ਼ਰਾ ਆਰਚਰ, ਕ੍ਰਿਸ ਵੋਕਸ, ਸਟੁਅਰਟ ਬ੍ਰਾਡ, ਜੇਮਸ ਐਂਡਰਸਨ, ਸੈਮ ਕੁਰੈਨਾ।
ਆਸਟ੍ਰੇਲੀਆ : ਟਿਮ ਪੇਨ (ਕਪਤਾਨ ਅਤੇ ਕੀਪਰ), ਕੈਮਰੂਨ ਬੈਨਕ੍ਰਾਫ਼ਟ, ਪੈਟ ਕਮਿੰਸ, ਮਾਰਕਸ ਹੈਰਿਸ, ਜੋਸ ਹੇਜ਼ਲਵੁੱਡ, ਟ੍ਰੇਵਿਸ ਹੇਡ, ਉਸਮਾਨ ਖਵਾਜਾ, ਮਾਰਨਸ ਲਾਬੂਸ਼ਛਾਨੇ, ਨਾਥਨ ਲਿਆਨ, ਮਿਸ਼ੇਲ ਮਾਰਸ਼, ਮਿਸ਼ੇਲ ਨੇਸੇਰ, ਜੇਮਸ ਪੈਟਿਨਸਨ, ਪੀਟਰ ਸੀਡਲ, ਸਟੀਵਨ ਸਮਿਥ, ਮਿਸ਼ੇਲ ਸਟ੍ਰਾਕ, ਮੈਥਿਉ ਵੇਡ, ਡੇਵਿਡ ਵਾਰਨਰ।