ਇੰਦੌਰ : ਭਾਰਤ ਨੇ ਪਹਿਲੇ ਟੈਸਟ ਮੈਚ ਵਿੱਚ ਬੰਗਲਾਦੇਸ਼ ਨੂੰ ਇੱਕ ਪਾਰੀ ਅਤੇ 130 ਦੌੜਾਂ ਨਾਲ ਹਰਾਇਆ। ਲੜੀ ਵਿੱਚ ਭਾਰਤ ਟੀਮ 1-0 ਨਾਲ ਅੱਗੇ ਹੈ। ਭਾਰਤ ਨੇ ਲਗਾਤਾਰ 6ਵਾਂ ਟੈਸਟ ਮੈਚ ਜਿੱਤਿਆ ਹੈ।
ਬੰਗਲਾਦੇਸ਼ ਦੀ ਟੀਮ ਸ਼ਨਿਚਰਵਾਰ ਨੂੰ ਇੱਥੇ ਮੈਚ ਦੇ ਤੀਸਰੇ ਦਿਨ ਆਪਣੀ ਦੂਸਰੀ ਪਾਰੀ ਵਿੱਚ 213 ਦੌੜਾਂ ਉੱਤੇ ਹੀ ਢੇਰ ਹੋ ਗਈ। ਬੰਗਲਾਦੇਸ਼ ਨੇ ਪਹਿਲੀ ਪਾਰੀ ਵਿੱਚ 150 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ਵਿੱਚ ਭਾਰਤ ਨੇ ਪਹਿਲੀ ਪਾਰੀ 6 ਵਿਕਟਾਂ ਉੱਤੇ 493 ਦੌੜਾਂ ਬਣਾ ਕੇ ਪਾਰੀ ਘੋਸ਼ਿਤ ਕਰ ਦਿੱਤੀ।
ਦੂਸਰੀ ਪਾਰੀ ਵਿੱਚ ਮਹਿਮਾਨ ਟੀਮ ਲਈ ਸਭ ਤੋਂ ਜ਼ਿਆਦਾ ਦੌੜਾਂ ਮੁਸ਼ਫੀਕੁਰ ਰਹੀਮ ਨੇ ਬਣਾਈਆਂ ਸਨ। ਉਨ੍ਹਾਂ ਨੇ 150 ਗੇਂਦਾਂ ਉੱਤੇ 7 ਚੌਕਿਆਂ ਦੀ ਮਦਦ ਨਾਲ 64 ਦੌੜਾਂ ਬਣਾਈਆਂ। ਰਹੀਮ ਤੋਂ ਇਲਾਵਾ, ਲਿਟਨ ਦਾਸ ਨੇ 35 ਦੌੜਾਂ ਅਤੇ ਮਹਿੰਦੀ ਹਸਨ ਮਿਰਾਜ ਨੇ 38 ਦੌੜਾਂ ਦਾ ਯੋਗਦਾਨ ਪਾਇਆ।
ਭਾਰਤ ਵੱਲੋਂ ਦੂਸਰੀ ਪਾਰੀ ਵਿੱਚ ਤੇਜ਼ ਗੇਂਦਬਾਜ਼ ਮੁਹੰਮਦ ਸ਼ੱਮੀ ਨੇ ਸਭ ਤੋਂ ਜ਼ਿਆਦਾ 4 ਵਿਕਟਾਂ ਲਈਆਂ। ਰਵੀਚੰਦਰਨ ਆਸ਼ਵਿਨ ਅਤੇ ਉਮੇਸ਼ ਯਾਦਵ ਨੂੰ 2-2 ਵਿਕਟਾਂ ਮਿਲੀਆਂ ਜਦਕਿ ਇੱਕ ਵਿਕਟ ਅਨੁਭਵੀ ਇਸ਼ਾਂਤ ਸ਼ਰਮਾ ਨੇ ਲਈ। ਦੂਸਰਾ ਟੈਸਟ ਮੈਚ 22-26 ਨਵੰਬਰ ਤੱਕ ਕੋਲਕਾਤਾ ਵਿੱਚ ਖੇਡਿਆ ਜਾਵੇਗਾ। ਇਹ ਭਾਰਤ ਦਾ ਪਹਿਲਾ ਡੇ-ਨਾਈਟ ਟੈਸਟ ਹੋਵੇਗਾ।