ਨਵੀਂ ਦਿੱਲੀ: ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਵੱਲੋਂ ਪਾਕਿਸਤਾਨੀ ਕ੍ਰਿਕਟ ਟੀਮ ਵਿੱਚ ਇੱਕ ਹਿੰਦੂ ਖਿਡਾਰੀ ਨਾਲ ਕੀਤੇ ਗਏ ਵਿਤਕਰੇ ਨੂੰ ਲੈ ਕੇ ਸੱਚ ਸਾਹਮਣੇ ਆਉਣ ਤੋਂ ਬਾਅਦ ਸਾਬਕਾ ਭਾਰਤੀ ਟੀਮ ਦੇ ਕ੍ਰਿਕਟਰ ਗੌਤਮ ਗੰਭੀਰ ਦਾ ਬਿਆਨ ਸਾਹਮਣੇ ਆਇਆ ਹੈ।
ਗੌਤਮ ਗੰਭੀਰ ਨੇ ਕਿਹਾ ਕਿ ਇਹੀ ਪਾਕਿਸਤਾਨ ਦਾ ਅਸਲ ਚਿਹਰਾ ਹੈ ਤੇ ਬੇਹਦ ਸ਼ਰਮਨਾਕ ਹੈ। ਦੂਜੇ ਪਾਸੇ ਭਾਰਤੀ ਟੀਮ ਦੀ ਕਪਤਾਨੀ ਲੰਬੇ ਸਮੇਂ ਤੋਂ ਘੱਟ ਗਿਣਤੀ ਹੋਣ ਦੇ ਬਾਵਜੂਦ ਮੁਹੰਮਦ ਅਜ਼ਹਰੂਦੀਨ ਨੇ ਕੀਤੀ ਸੀ, ਇਹ ਬਹੁਤ ਵੱਡੀ ਗੱਲ ਹੈ।
ਦੱਸਦਈਏ ਕਿ ਪਿਛਲੇ ਦਿਨੀਂ ਇੱਕ ਪ੍ਰੋਗਰਾਮ ਵਿੱਚ ਸ਼ੋਇਬ ਅਖਤਰ ਨੇ ਖੁਲਾਸਾ ਕੀਤਾ ਸੀ ਕਿ ਪਾਕਿ ਕ੍ਰਿਕਟ ਟੀਮ ਵਿੱਚ ਹਿੰਦੂ ਖਿਡਾਰੀ ਦਾਨਿਸ਼ ਕਨੇਰੀਆ ਨਾਲ ਵਿਤਕਰਾ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨੀ ਕ੍ਰਿਕੇਟ ਟੀਮ ਉਨ੍ਹਾਂ ਨਾਲ ਚੰਗਾ ਵਤੀਰਾ ਨਹੀਂ ਕਰਦੀ ਸੀ। ਉਨ੍ਹਾਂ ਦੇ ਨਾਲ ਟੀਮ ਦੇ ਖਿਡਾਰੀ ਖਾਣਾ ਵੀ ਨਹੀਂ ਖਾਂਦੇ ਸਨ। ਦਾਨਿਸ਼ ਕਨੇਰੀਆ ਨੇ ਖ਼ੁਦ ਸ਼ੋਇਬ ਅਖਤਰ ਦੇ ਇਸ ਦਾਅਵੇ ਦੀ ਪੁਸ਼ਟੀ ਕੀਤੀ ਹੈ। ਦਾਨਿਸ਼ ਕਨੇਰੀਆ ਨੇ ਕਿਹਾ ਕਿ ਮੈਂ ਉਨ੍ਹਾਂ ਖਿਡਾਰੀਆਂ ਦੇ ਨਾਮ ਜ਼ਾਹਰ ਕਰਾਂਗਾ ਜਿਹੜੇ ਮੈਨੂੰ ਪਸੰਦ ਨਹੀਂ ਸਨ ਕਿਉਂਕਿ ਮੈਂ ਹਿੰਦੂ ਸੀ। ਹੁਣ ਤੱਕ ਮੇਰੇ 'ਚ ਹਿੰਮਤ ਨਹੀਂ ਸੀ, ਪਰ ਹੁਣ ਮੈਂ ਬੋਲਾਂਗਾ।