ਨਵੀਂ ਦਿੱਲੀ: ਨੈਸ਼ਨਲ ਕ੍ਰਿਕਟ ਅਕਾਦਮੀ (ਐੱਨਸੀਏ) ਨੇ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਫਿੱਟਨੈਸ ਟੈਸਟ ਵਿੱਚ ਪਾਸ ਦੱਸਿਆ ਹੈ। ਉਹ ਇੰਡੀਅਨ ਪ੍ਰੀਮਿਅਰ ਲੀਗ (ਆਈਪੀਐੱਲ) ਦੌਰਾਨ ਹੈਮਸਟ੍ਰਿੰਗ ਦੀ ਸੱਟ ਨਾਲ ਜੂਝ ਰਹੇ ਸਨ ਅਤੇ ਆਸਟ੍ਰੇਲੀਆ ਵਿਰੁੱਧ ਟੈਸਟ ਲੜੀ ਵਿੱਚ ਖੇਡਣ ਦੇ ਲਈ ਉਨ੍ਹਾਂ ਦਾ ਫਿੱਟਨੈਸ ਟੈਸਟ ਪਾਸ ਕਰਨਾ ਜ਼ਰੂਰੀ ਸੀ।
ਕੋਰੋਨਾ ਵਾਇਰਸ ਦੇ ਕਾਰਨ ਆਸਟ੍ਰੇਲੀਆ ਵਿੱਚ ਕੁਆਰਨਟੀਨ ਨਿਯਮਾਂ ਦੇ ਚੱਲਦਿਆਂ ਉਹ ਹਾਲਾਂਕਿ ਪਹਿਲੇ ਦੋ ਟੈਸਟਾਂ ਨਹੀਂ ਖੇਡ ਸਕਣਗੇ, ਪਰ ਆਖ਼ਰੀ ਦੋ ਟੈਸਟਾਂ ਵਿੱਚ ਉਹ ਟੀਮ ਦਾ ਹਿੱਸਾ ਬਣ ਸਕਦੇ ਹਨ।
ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਇੱਕ ਸੀਨੀਅਰ ਸੂਤਰ ਨੇ ਗੁਪਤਤਾ ਦੇ ਆਧਾਰ ਉੱਤੇ ਇੱਕ ਨਿਊਜ਼ ਏਜੰਸੀ ਨੂੰ ਕਿਹਾ ਕਿ ਰੋਹਿਤ ਨੇ ਫਿੱਟਨੈਸ ਟੈਸਟ ਪਾਸ ਕਰ ਲਿਆ ਹੈ ਅਤੇ ਉਹ ਜਲਦ ਹੀ ਆਸਟ੍ਰੇਲੀਆ ਦੇ ਲਈ ਉਡਾਨ ਭਰਨਗੇ।
ਰੋਹਿਤ ਦਾ ਫਿੱਟਨੈਸ ਟੈਸਟ ਐੱਨਸੀਏ ਦੇ ਨਿਰਦੇਸ਼ਕ ਰਾਹੁਲ ਦ੍ਰਾਵਿੜ ਦੀ ਦੇਖਰੇਖ ਹੋਇਆ। ਦ੍ਰਾਵਿੜ ਨੂੰ ਰੋਹਿਤ ਨੂੰ ਪ੍ਰਮਾਣ-ਪੱਤਰ ਦੇਣ ਦੀ ਜ਼ਿੰਮੇਵਾਰੀ ਦਿੱਤੀ ਸੀ।
ਉਮੀਦ ਲਾਈ ਜਾ ਰਹੀ ਹੈ ਕਿ ਰੋਹਿਤ ਅਗਲੇ ਦੋ ਦਿਨਾਂ ਵਿੱਚ ਆਸਟ੍ਰੇਲੀਆਂ ਰਵਾਨਾ ਹੋਣਗੇ। ਉਹ ਸਿਡਨੀ (7 ਤੋਂ 11 ਜਨਵਰੀ) ਅਤੇ ਬ੍ਰਿਸਬੇਨ (15 ਤੋਂ 19 ਜਨਵਰੀ) ਵਿੱਚ ਹੋਣ ਵਾਲੇ ਆਖ਼ਿਰੀ ਦੋ ਟੈਸਟਾਂ ਦੇ ਲਈ ਅਭਿਆਸ ਕਰਨ ਤੋਂ ਪਹਿਲਾਂ 14 ਦਿਨਾਂ ਤੱਕ ਕੁਆਰਨਟੀਨ ਰਹਿਣਗੇ।
ਰੋਹਿਤ 19 ਨਵੰਬਰ ਨੂੰ ਐੱਨਸੀਏ ਪਹੁੰਚੇ ਸਨ। ਪਿਛਲੇ 20 ਦਿਨਾਂ ਤੋਂ ਉਹ ਬੈਂਗਲੁਰੂ ਵਿੱਚ ਐੱਨਸੀਏ ਵਿੱਚ ਆਪਣੀ ਫਿੱਟਨੈਸ ਉੱਤੇ ਕੰਮ ਕਰ ਰਹੇ ਸਨ।
ਦੱਸ ਦਈਏ ਕਿ ਆਈਪੀਐੱਲ ਵਿੱਚ ਹੈਮਸਟ੍ਰਿੰਗ ਦੀ ਸੱਟ ਦੇ ਕਾਰਨ ਆਸਟ੍ਰੇਲੀਆਂ ਦੌਰੇ ਦੇ ਲਈ ਰੋਹਿਤ ਸ਼ਰਮਾ ਦੀ ਚੋਣ ਨਹੀਂ ਹੋਈ ਸੀ ਅਤੇ ਪੂਰੀ ਤਰ੍ਹਾਂ ਫਿੱਟ ਨਹੀਂ ਨਾ ਹੋਣ ਤੋਂ ਬਾਅਦ ਰੋਹਿਤ ਨੂੰ ਆਸਟ੍ਰੇਲੀਆ ਵਿਰੁੱਧ ਸ਼ੁਰੂ ਹੋਣ ਵਾਲੀ ਟੈਸਟ ਲੜੀ ਦੇ ਸ਼ੁਰੂਆਤੀ ਦੋ ਮੁਕਾਬਲਿਆਂ ਤੋਂ ਪਿਛਲੇ ਮਹੀਨੇ ਬਾਹਰ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹ ਐੱਨਸੀਏ ਚਲੇ ਗਏ ਸਨ।