ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ(ਡੀਡੀਸੀਏ) ਦੇ ਖਾਲੀ ਪਏ ਚੇਅਰਮੈਨ, ਖਜ਼ਾਨਚੀ ਅਤੇ ਚਾਰ ਡਾਇਰੈਕਟਰਾਂ ਦੇ ਅਹੁਦਿਆਂ ਲਈ ਚੋਣਾਂ ਦੇ ਹੁਕਮ ਦਿੱਤੇ ਹਨ।
ਅਜਿਹੀ ਸਥਿਤੀ ਵਿੱਚ ਕੁੱਝ ਮੈਂਬਰਾਂ ਨੇ ਡੀਡੀਸੀਏ ਦੇ ਸਾਬਕਾ ਪ੍ਰਧਾਨ ਅਰੁਣ ਜੇਟਲੀ ਦੇ ਬੇਟੇ ਰੋਹਨ ਜੇਟਲੀ ਨੂੰ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਰਜਤ ਸ਼ਰਮਾ ਦੇ ਅਸਤੀਫ਼ਾ ਦੇਣ ਤੋਂ ਬਾਅਦ ਖਾਲੀ ਪਏ ਚੇਅਰਮੈਨ ਆਹੁਦੇ ਨੂੰ ਸੰਭਾਲ ਲੈਣ।
ਹਾਲਾਂਕਿ ਡੀਡੀਸੀਏ ਦੀ ਵਿਵਾਦਿਤ ਸਥਿਤੀ ਦੇ ਮੱਦੇਨਜ਼ਰ ਕੁੱਝ ਮੈਂਬਰਾਂ ਨੇ ਰੋਹਨ ਜੇਟਲੀ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪੈਰਾਂ ਨੂੰ ਹੌਲੀ-ਹੌਲੀ ਅੱਗੇ ਵਧਾਉਣ ਅਤੇ ਪਹਿਲਾ ਚੇਅਰਮੈਨ ਦੀ ਥਾਂ ਡਾਇਰੈਕਟਰ ਦੇ ਅਹੁਦੇ ਤੋਂ ਸ਼ੁਰੂਆਤ ਕਰਨ।
ਡੀਡੀਸੀਏ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਅਤੇ ਜਿਸ ਤਰ੍ਹਾਂ ਇੱਕ ਖ਼ਾਸ ਵਰਗ ਨੇ ਰਜਤ ਸ਼ਰਮਾ ਨਾਲ ਕੀਤਾ ਸੀ, ਉਸ ਨੂੰ ਦੇਖਦੇ ਹੋਏ ਰੋਹਨ ਲਈ ਨਿਰਦੇਸ਼ਕ ਦੇ ਅਹੁਦੇ ਤੋਂ ਸ਼ੁਰੂਆਤ ਕਰਨਾ ਚੰਗਾ ਰਹੇਗਾ ਤਾਂ ਜੋ ਉਹ ਕਾਰਜਪ੍ਰਣਾਲੀ ਨੂੰ ਸਮਝ ਸਕਣ।
ਅਧਿਕਾਰੀ ਨੇ ਕਿਹਾ, "ਰੋਹਨ ਇੱਕ ਬਾਹਰੀ ਵਿਅਕਤੀ ਹੈ। ਉਸ ਦੀ ਵਰਤੋਂ ਉਨ੍ਹਾਂ ਲੋਕਾਂ ਵੱਲੋਂ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੇ ਰਜਤ ਨੂੰ ਘੇਰਿਆ ਸੀ। ਉਹ ਇੱਕ ਚੰਗਾ ਇਨਸਾਨ ਹੈ। ਉਸ ਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਸੱਭ ਕੁੱਝ ਸਮਝਣਾ ਚਾਹੀਦਾ ਹੈ ਤੇ ਇੱਕ ਨਿਰਦੇਸ਼ਕ ਜਾਂ ਕਿਸੇ ਹੋਰ ਆਹੁਦੇ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਮੈਂਬਰਾਂ ਦਾ ਵਿਸ਼ਵਾਸ ਜਿੱਤਣਾ ਚਾਹੀਦਾ ਹੈ।"
ਇਹ ਵੀ ਪੜ੍ਹੋ: ਐਡਰੀਆ ਟੂਰਨਾਮੈਂਟ ਦੌਰਾਨ ਕੋਰੋਨਾ ਪੌਜ਼ੀਟਿਵ ਪਾਏ ਗਏ ਟੈਨਿਸ ਖਿਡਾਰੀ ਗ੍ਰਿਗੋਰ ਦਿਮਿਤ੍ਰੋਵ
ਉਨ੍ਹਾਂ ਕਿਹਾ ਕਿ ਅਸੀਂ ਉਸ ਨੂੰ ਪਸੰਦ ਕਰਦੇ ਹਾਂ, ਪਰ ਅਸੀਂ ਉਨ੍ਹਾਂ ਬਾਰੇ ਸਾਵਧਾਨ ਰਹਿਣਾ ਚਾਹੁੰਦੇ ਹਾਂ ਜਿਨ੍ਹਾਂ ਨੇ ਡੀਡੀਸੀਏ ਦਾ ਘੇਰ ਰੱਖਿਆ ਹੈ ਅਤੇ ਰੋਹਨ ਨੂੰ ਚੋਣ ਲੜਨ ਲਈ ਪ੍ਰੇਰਿਤ ਕਰ ਰਹੇ ਹਨ।
ਉਥੇ ਹੀ ਦੂਜੇ ਪਾਸੇ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਬੀਸੀਸੀਆਈ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਸੀ.ਕੇ. ਖੰਨਾ ਦੀ ਪਤਨੀ ਵੀ ਪ੍ਰਧਾਨਗੀ ਅਹੁਦੇ ਲਈ ਚੋਣ ਲੜ ਸਕਦੀ ਹੈ। ਅਜਿਹੀਆਂ ਖ਼ਬਰਾਂ ਹਨ ਕਿ ਵਿਨੋਦ ਤਿਹਾਰਾ ਅਤੇ ਖੰਨਾ ਇੱਕ ਹੋ ਗਏ ਹਨ ਅਤੇ ਦੋਵਾਂ ਨੇ ਮਿਲ ਕੇ ਚੋਣ ਮੈਦਾਨ ਵਿੱਚ ਆਉਣ ਦਾ ਫੈਸਲਾ ਲਿਆ ਹੈ।
ਦੱਸ ਦਈਏ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਚੱਲ ਰਹੇ ਵਿਵਾਦਾਂ ਕਾਰਨ ਬੀਸੀਸੀਆਈ ਨੇ ਡੀਡੀਸੀਏ ਨੂੰ ਵਿੱਤੀ ਸਹਾਇਤਾ ਦੇਣਾ ਬੰਦ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਇਸ ਸਮੇਂ ਡੀਡੀਸੀਏ ਦੇ ਰੋਜ਼ਾਨਾ ਕੰਮਕਾਜ ਨੂੰ ਅੱਗੇ ਵਧਾਉਣ ਦਾ ਇੱਕੋ-ਇਕ ਢੰਗ ਹੈ, ਐਡਹਾਕ ਕਮੇਟੀ ਦਾ ਗਠਨ ਕਰਨਾ।