ਮੁੰਬਈ: ਕਿਸੇ ਵੀ ਕ੍ਰਿਕਟਰ ਲਈ ਉਸ ਦਾ ਟੈਸਟ ਡੈਬਿਊ ਉਸ ਦੀ ਜ਼ਿੰਦਗੀ ਦਾ ਸਭ ਤੋਂ ਖ਼ਾਸ ਪਲ ਹੁੰਦਾ ਹੈ। ਡੈਬਿਊ ਮੈਚ ਵਿੱਚ ਉਸ ਦਾ ਪ੍ਰਦਰਸ਼ਨ ਕਿਵੇਂ ਹੋਵੇਗਾ, ਇਸ ਨਾਲ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ, ਕਿਉਂਕਿ ਉਸ ਦਿਨ ਉਹ ਕਾਫ਼ੀ ਦਬਾਅ ਵਿੱਚ ਹੁੰਦਾ ਹੈ। ਜੇਕਰ ਉਹ ਚੰਗਾ ਪ੍ਰਦਰਸ਼ਨ ਕਰਦਾ ਹੈ ਤਾਂ ਉਸ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ, ਪਰ ਜੇ ਉਹ ਚੰਗਾ ਪ੍ਰਦਰਸ਼ਨ ਨਹੀਂ ਵੀ ਕਰਦਾ, ਤਾਂ ਉਸ ਦੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ। ਭਾਰਤੀ ਟੈਸਟ ਕ੍ਰਿਕਟ ਟੀਮ ਦੇ ਉਪ ਕਪਤਾਨ ਅਜਿੰਕਿਆ ਰਹਾਣੇ ਨੇ ਦੱਸਿਆ ਹੈ ਕਿ ਉਸ ਲਈ ਉਸ ਦਾ ਟੈਸਟ ਡੈਬਿਊ ਕਿੰਨਾ ਖ਼ਾਸ ਹੈ। ਸਚਿਨ ਤੇਂਦੁਲਕਰ ਨੇ ਉਨ੍ਹਾਂ ਨੂੰ ਸੁਝਾਅ ਦਿੱਤਾ ਸੀ ਕਿ ਉਹ ਆਪਣੇ ਪਹਿਲੇ ਮੈਚ ਵਿੱਚ ਬੱਸ ਆਨੰਦ ਲੈਣ।
ਮੀਡੀਆ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ, ਰਹਾਣੇ ਨੇ ਆਪਣੇ ਟੈਸਟ ਡੈਬਿਊ ਨੂੰ ਯਾਦ ਕੀਤੀ। ਰਹਾਣੇ ਦਾ ਟੈਸਟ ਡੈਬਿਊ 2013 ਵਿੱਚ ਆਸਟਰੇਲੀਆ ਖ਼ਿਲਾਫ਼ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਵਿੱਚ ਹੋਇਆ ਸੀ।
ਰਹਾਣੇ ਨੇ ਕਿਹਾ, "ਮੈਂ ਨਹੀਂ ਜਾਣਦਾ ਸੀ ਕਿ ਕਿਵੇਂ ਪ੍ਰਤੀਕਰਮ ਕਰਨਾ ਹੈ, ਇਹ ਮਿਲੇ-ਜੁਲੇ ਵਿਚਾਰ ਸਨ। ਇਹ ਮੇਰਾ ਬਹੁਤ ਖ਼ਾਸ ਪਲ ਸੀ, ਪਰ ਮੈਂ ਥੋੜ੍ਹਾ ਦਬਾਅ ਵਿੱਚ ਸੀ ਅਤੇ ਉਤਸ਼ਾਹਿਤ ਵੀ ਸੀ।"
ਦੱਸ ਦਈਏ ਕਿ ਰਹਾਣੇ ਉਸ ਮੈਚ 'ਚ ਬੱਲੇਬਾਜ਼ੀ ਕਰਨ ਉਤਰਿਆ ਸੀ ਜਦੋਂ ਭਾਰਤ ਨੇ 148 ਦੌੜਾਂ 'ਤੇ 3 ਵਿਕਟਾਂ ਗੁਆ ਦਿੱਤੀਆਂ ਸਨ ਅਤੇ ਦੂਜੇ ਸਿਰੇ 'ਤੇ ਸਚਿਨ ਤੇਂਦੁਲਕਰ ਮੌਜੂਦ ਸੀ। ਦਬਾਅ ਵਿੱਚ ਨੌਜਵਾਨ ਖਿਡਾਰੀ ਨੂੰ ਵੇਖ ਕੇ ਸਚਿਨ ਨੇ ਇੱਕ ਸੁਝਾਅ ਦਿੱਤਾ ਸੀ ਜੋ ਰਹਾਣੇ ਨੂੰ ਅੱਜ ਤੱਕ ਯਾਦ ਹੈ।
ਰਹਾਣੇ ਨੇ ਕਿਹਾ, "ਜਦੋਂ ਮੈਂ ਬੱਲੇਬਾਜ਼ੀ ਲਈ ਉਤਰਿਆ ਤਾਂ ਸਚਿਨ ਪਾਜੀ ਦੂਜੇ ਪਾਸੇ ਸਨ। ਉਨ੍ਹਾਂ ਨੇ ਮੈਨੂੰ ਕਿਹਾ ਕਿ ਇੱਕ ਖਿਡਾਰੀ ਹੋਣ ਦੇ ਨਾਤੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਡੈਬਿਊ ਮੈਚ ਸਮੇਤ ਹਰ ਮੈਚ ਵਿੱਚ ਚੰਗਾ ਪ੍ਰਦਰਸ਼ਨ ਕਰੋ। ਤੁਸੀਂ ਹੁਣ ਸਭ ਕੁੱਝ ਭੁੱਲ ਜਾਓ। ਬੱਸ ਇਸ ਪਲ ਨੂੰ ਜੀਓ। ਉਨ੍ਹਾਂ ਨੇ ਮੈਨੂੰ ਇਹ ਸੁਝਾਅ ਦਿੱਤਾ ਕਿ ਮੇਰਾ ਡੈਬਿਊ ਮੈਚ ਇੰਨਾ ਵਧੀਆ ਨਹੀਂ ਸੀ ਪਰ ਇਹ ਬਿਨ੍ਹਾਂ ਸ਼ੱਕ ਯਾਦਗਾਰੀ ਸੀ।"
ਦੱਸ ਦਈਏ ਕਿ ਰਹਾਣੇ ਨੇ ਪਹਿਲੀ ਪਾਰੀ ਵਿੱਚ 19 ਗੇਂਦਾਂ ਦਾ ਸਾਹਮਣਾ ਕਰਕੇ 7 ਦੌੜਾਂ ਬਣਾਈਆਂ ਸਨ, ਫਿਰ ਦੂਜੀ ਪਾਰੀ ਵਿੱਚ ਉਹ ਸਿਰਫ 5 ਗੇਂਦਾਂ ਵਿੱਚ ਇਕ ਦੌੜ ਬਣਾ ਸਕਿਆ। ਹਾਲਾਂਕਿ ਭਾਰਤ ਨੇ ਉਹ ਮੈਚ ਜਿੱਤ ਲਿਆ ਸੀ।