ਕੋਪੇਨਹੇਗਨ: ਡੈਨਮਾਰਕ ਵਿੱਚ ਹੋਣ ਵਾਲੇ ਥਾਮਸ ਅਤੇ ਉਬੇਰ ਕੱਪ ਦੇ ਡਰਾਅ ਦਾ ਐਲਾਨ ਹੋ ਗਿਆ ਹੈ, ਜਿਸ ਵਿੱਚ ਭਾਰਤ ਨੂੰ 3 ਤੋਂ 11 ਅਕਤੂਬਰ ਤੱਕ ਹੋਣ ਵਾਲੇ ਥਾਮਸ ਅਤੇ ਉਬੇਰ ਕੱਪ ਬੈਡਮਿੰਟਨ ਫਾਈਨਲ ਵਿੱਚ ਆਸਾਨ ਡਰਾਅ ਮਿਲਿਆ ਹੈ। ਵਿਸ਼ਵ ਬੈਡਮਿੰਟਨ ਮਹਾਂਸੰਘ ਦੇ ਮੁੱਖ ਦਫ਼ਤਰ ਕੁਆਲੰਲਪੁਰ ਵਿਖੇ ਸੋਮਵਾਰ ਨੂੰ ਜਾਰੀ ਕੀਤੇ ਗਏ ਡਰਾਅ ਵਿੱਚ ਭਾਰਤੀ ਪੁਰਸ਼ ਟੀਮ ਨੂੰ 2016 ਦੀ ਚੈਂਪੀਅਨ ਡੈਨਮਾਰਕ, ਜਰਮਨੀ ਅਤੇ ਅਲਜ਼ੀਰੀਆ ਨਾਲ ਗਰੁੱਪ ਵਿੱਚ ਰੱਖਿਆ ਗਿਆ ਹੈ, ਜਦਕਿ ਮਹਿਲਾ ਟੀਮ ਨੂੰ 14 ਵਾਰ ਦੀ ਜੇਤੂ ਚੀਨ, ਫਰਾਂਸ ਅਤੇ ਜਰਮਨੀ ਦੇ ਨਾਲ ਗਰੁੱਪ ਡੀ ਵਿੱਚ ਥਾਂ ਮਿਲੀ ਹੈ। ਬੀ.ਡਬਲਯੂ.ਐਫ. ਅਨੁਸਾਰ, ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਨੂੰ ਟੂਰਨਾਮੈਂਟ ਵਿੱਚ 5ਵੀਂ ਥਾਂ ਮਿਲੀ ਹੈ।
ਇਹ ਟੂਰਨਾਮੈਂਟ ਮੂਲ ਰੂਪ ਵਿੱਚ 16 ਤੋਂ 24 ਮਈ ਤੱਕ ਹੋਣੇ ਸਨ, ਪਰ ਕੋਵਿਡ-19 ਮਹਾਂਮਾਰੀ ਕਾਰਨ ਇਸ ਨੂੰ 15 ਤੋਂ 23 ਅਗਸਤ ਤੱਕ ਕਰਵਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ। ਜ਼ਿਆਦਾਤਰ ਦੇਸ਼ਾਂ ਵਿੱਚ ਸਥਿਤੀ 'ਚ ਸੁਧਾਰ ਨਾ ਹੋਣ ਕਾਰਨ ਦੂਜੀ ਵਾਰੀ ਇਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਵਿਸ਼ਵ ਸਿਹਤ ਸੰਕਟ ਕਾਰਨ ਮਾਰਚ ਵਿੱਚ ਆਲ ਇੰਗਲੈਂਡ ਟੂਰਨਾਮੈਂਟ ਦੇ ਪੂਰਾ ਹੋਣ ਪਿੱਛੋਂ ਬੀ.ਡਬਲਯੂ.ਐਫ ਨੇ ਆਪਣੇ ਵਿਸ਼ਵ ਟੂਰ ਅਤੇ ਹੋਰ ਮਨਜੂਰਸ਼ੁਦਾ ਟੂਰਨਾਮੈਂਟਾਂ ਨੂੰ ਰੋਕ ਦਿੱਤਾ ਸੀ।
ਬੀ.ਡਬਲਯੂ.ਡੀ. ਦੇ ਮੁੱਖ ਸੰਚਾਲਨ ਅਧਿਕਾਰੀ ਸਟੂਅਰਟ ਬੋਰੀ ਨੇ ਕਿਹਾ ਕਿ ਅਸੀਂ ਇਸ ਸਾਲ ਆਪਣੇ ਕੈਲੰਡਰ ਵਿੱਚ ਕਈ ਰੁਕਾਵਟਾਂ ਨੂੰ ਸਵੀਕਾਰ ਕਰਦੇ ਹਾਂ, ਪਰ ਅਸੀਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਬੀ.ਡਬਲਯੂ.ਐਫ. ਕੋਵਿਡ-19 ਦੇ ਹਲਾਤਾਂ 'ਤੇ ਨਜ਼ਰ ਰੱਖ ਰਿਹਾ ਹੈ। ਭਾਰਤੀ ਪੁਰਸ਼ ਅਤੇ ਮਹਿਲਾ ਟੀਮ 2018 ਵਿੱਚ ਪਿਛਲੇ ਸੈਸ਼ਨ ਵਿੱਚ ਨਾਕਆਊਟ ਪੜਾਅ ਵਿੱਚ ਪੁੱਜਣ ਵਿੱਚ ਅਸਫਲ ਰਹੀ ਸੀ। ਮਹਿਲਾ ਟੀਮ 2016 ਅਤੇ 2014 (ਨਵੀਂ ਦਿੱਲੀ) ਵਿਖੇ ਸੈਮੀਫਾਈਨਲ ਵਿੱਚ ਥਾਂ ਬਣਾਉਣ 'ਚ ਸਫਲ ਰਹੀ ਸੀ।
ਥਾਮਸ ਕੱਪ (ਪੁਰਸ਼)
ਗਰੁੱਪ ਏ: ਇੰਡੋਨੇਸ਼ੀਆ, ਮਲੇਸ਼ੀਆ, ਹਾਲੈਂਡ ਅਤੇ ਇੰਗਲੈਂਡ।
ਗਰੁੱਪ ਬੀ: ਚੀਨ, ਤਾਈਵਾਨ, ਆਸਟ੍ਰੇਲੀਆ, ਫ਼ਰਾਂਸ।
ਗਰੁੱਪ ਸੀ: ਡੈਨਮਾਰਕ, ਭਾਰਤ, ਜਰਮਨੀ, ਅਲਜ਼ੀਰੀਆ,
ਗਰੁੱਪ ਡੀ: ਜਾਪਾਨ, ਦੱਖਣੀ ਕੋਰੀਆ, ਥਾਈਲੈਂਡ, ਕੈਨੇਡਾ
ਉਬੇਰ ਕੱਪ (ਮਹਿਲਾ)
ਗਰੁੱਪ ਏ: ਜਾਪਾਨ, ਤਾਈਵਾਨ, ਮਿਸਰ, ਸਪੇਨ।
ਗਰੁੱਪ ਬੀ: ਕੋਰੀਆ, ਇੰਡੋਨੇਸ਼ੀਆ, ਆਸਟ੍ਰੇਲੀਆ, ਮਲੇਸ਼ੀਆ।
ਗਰੁੱਪ ਸੀ: ਥਾਈਲੈਂਡ, ਡੈਨਮਾਰਕ, ਸਕਾਟਲੈਂਡ, ਕੈਨੇਡਾ।
ਗਰੁੱਪ ਡੀ: ਚੀਨ, ਭਾਰਤ, ਫਰਾਂਸ, ਜਰਮਨੀ।