ਮਹਿਲਾ ਸਸ਼ਕਤੀਕਰਨ ਦੀ ਵੱਖਰੀ ਹੀ ਮਿਸਾਲ ਹੈ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਵਾਲੀ ਬੈਡਮਿੰਟਨ ਖਿਡਾਰਣ ਪੀਵੀ ਸਿੰਧੂ ਜੋ ਕਿ ਭਾਰਤ ਲਈ ਓਲੰਪਿਕ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਹੈ।
ਏਸ਼ੀਆਈ ਖੇਡਾਂ 2018 ਵਿੱਚ ਪੀ ਵੀ ਸਿੰਧੂ ਨੇ ਬੈਡਮਿਨਟਨ ਵਿੱਚ ਚਾਂਦੀ ਦਾ ਤਮਗ਼ਾ ਜਿੱਤ ਕੇ ਨਵਾਂ ਰਿਕਾਰਡ ਬਣਾਇਆ ਸੀ, ਉਦੋਂ ਵੀ ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਸੀ। 24 ਸਾਲਾਂ ਦੀ ਸਿੰਧੂ ਨੂੰ ਭਾਰਤ ਦਾ ਚੌਥਾ ਸਭ ਤੋਂ ਉੱਚਾ ਨਾਗਰਿਕ ਸਨਮਾਨ, ਪਦਮ ਸ਼੍ਰੀ ਵੀ ਮਿਲ ਚੁੱਕਿਆ ਹੈ।
ਵਿਸ਼ਵ ਰੈਂਕਿੰਗ ਵਿੱਚ ਤੀਜੇ ਨੰਬਰ ਦੀ ਖਿਡਾਰਣ ਪੀਵੀ ਸਿੰਧੂ ਦਾ ਜਨਮ 5 ਜੁਲਾਈ 1995 ਨੂੰ ਹੈਦਰਾਬਾਦ ਵਿੱਚ ਹੋਇਆ, ਪੀਵੀ ਸਿੰਧੂ ਦੇ ਪਿਤਾ ਪੀ ਵੀ ਰਮੱਨਾ ਅਤੇ ਮਾਂ ਪੀ ਵਿਜਿਆ ਵਾਲੀਬਾਲ ਖਿਡਾਰੀ ਰਹਿ ਚੁੱਕੇ ਹਨ। ਉਨ੍ਹਾਂ ਦੇ ਪਿਤਾ ਨੂੰ ਵਾਲੀਬਾਲ ਲਈ ਅਰਜੁਨ ਐਵਾਰਡ ਵੀ ਮਿਲ ਚੁੱਕਿਆ ਹੈ। ਅੱਠ ਸਾਲ ਦੀ ਉਮਰ ਤੋਂ ਹੀ ਪੀਵੀ ਸਿੰਧੂ ਨੇ ਬੈਡਮਿੰਟਨ ਖੇਡਣਾ ਸ਼ੁਰੂ ਕਰ ਦਿੱਤਾ ਸੀ। ਮਹਿਬੂਬ ਅਲੀ, ਸਿੰਧੂ ਦੇ ਪਹਿਲੇ ਕੋਚ ਸਨ, 10 ਸਾਲ ਦੀ ਉਮਰ ਵਿੱਚ ਉਹ ਗੋਪੀਚੰਦ ਅਕੈਡਮੀ ਆ ਗਏ ਅਤੇ ਹੁਣ ਤੱਕ ਉੱਥੇ ਹੀ ਪ੍ਰੈਕਟਿਸ ਕਰ ਰਹੇ ਹਨ।' ਸਿੰਧੂ ਦੀ ਕਾਮਯਾਬੀ ਵਿੱਚ ਉਨ੍ਹਾਂ ਦੇ ਕੋਚ ਗੋਪੀਚੰਦ ਦਾ ਅਹਿਮ ਯੋਗਦਾਨ ਰਿਹਾ ਹੈ।
ਪੀਵੀ ਸਿੰਧੂ ਦੀ ਪ੍ਰਤਿਭਾ ਬਚਪਨ ਤੋਂ ਹੀ ਸਾਫ਼ ਨਜ਼ਰ ਆਉਣ ਲੱਗੀ ਸੀ। 2009 ਵਿੱਚ ਸਬ ਜੂਨੀਅਰ ਏਸ਼ੀਅਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਮੈਡਲ ਜਿੱਤਣ ਵਾਲੀ ਸਿੰਧੂ ਨੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ, 18 ਸਾਲ ਦੀ ਉਮਰ ਵਿੱਚ ਸਿੰਧੂ ਵਰਲਡ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਮੈਡਲ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਸਿੰਧੂ ਨੇ ਸਾਲ 2011 ਕਾਮਨਵੇਲਥ ਯੂਥ ਗੇਮਜ਼ ਵਿੱਚ ਸੋਨ ਤਮਗਾ, 2014 ਕਾਮਨਵੇਲਥ ਗੇਮਾਂ ਵਿੱਚ ਕਾਂਸੀ ਤਮਗ਼ਾ, 2014 ਏਸ਼ਿਆ ਚੈਂਪੀਅਨਸ਼ਿਪ ਵਿੱਚ ਕਾਂਸੀ ਤਮਗ਼ਾ, 2016 ਰੀਓ ਓਲੰਪਿਕ ਖੇਡਾਂ ਵਿੱਚ ਸਿਲਵਰ ਮੈਡਲ ਤੇ 2019 ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤ ਚੁੱਕੀ ਹੈ।
ਇਸ ਇਲਾਵਾ ਸਿੰਧੂ ਨੂੰ 2016 ਵਿੱਚ ਰਾਜੀਵ ਗਾਂਧੀ ਖੇਡ ਰਤਨ ਅਵਾਰਡ, 2015 ਵਿੱਚ ਪਦਮ ਸ਼੍ਰੀ, 2013 ਵਿੱਚ ਅਰਜੂਨ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉੱਥੇ ਹੀ ਸਿੰਧੂ ਨੂੰ ਸਾਲ 2020 ਲਈ ਪਦਮ ਭੁਸ਼ਣ ਲਈ ਵੀ ਨਾਮੀਨੇਟ ਕੀਤਾ ਗਿਆ ਹੈ।