ਪੈਰਿਸ : ਭਾਰਤ ਦੀ ਮਹਿਲਾ ਬੈਡਮਿੰਟਨ ਖ਼ਿਡਾਰੀ ਪੀਵੀ ਸਿੰਧੂ ਫ੍ਰੈਂਚ ਓਪਨ ਦੇ ਕੁਆਰਟਰ ਫ਼ਾਇਨਲ ਵਿੱਚ ਤਾਈ ਜੂ ਯਿੰਗ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ।
ਤਾਇਵਾਨ ਦੀ ਖਿਡਾਰੀ ਤਾਈ ਜੂ ਯਿੰਗ ਨੇ ਭਾਰਤੀ ਖਿਡਾਰੀ ਨੂੰ 74 ਮਿੰਟਾਂ ਤੱਕ ਚੱਲੇ ਇੱਕ ਸਖ਼ਤ ਮੁਕਾਬਲੇ ਵਿੱਚ 16-21, 26-24, 17-21 ਨਾਲ ਹਰਾਇਆ।
ਦੁਨੀਆਂ ਦੀ ਨੰਬਰ 6 ਦੀ ਖਿਡਾਰੀ ਸਿੰਧੂ ਅਤੇ ਚੋਟੀ ਦੀ ਖਿਡਾਰੀ ਯਿੰਗ ਵਿਚਕਾਰ ਮੁਕਾਬਲਾ ਕਾਫ਼ੀ ਰੋਚਕ ਰਿਹਾ। ਪਹਿਲੇ 18 ਮਿੰਟਾਂ ਵਿੱਚ ਹੀ ਸਿੰਧੂ 1-0 ਨਾਲ ਯਿੰਗ ਤੋਂ ਪਿੱਛੇ ਰਹੀ, ਹਾਲਾਂਕਿ ਇਸ ਤੋਂ ਬਾਅਦ ਵੀ ਸਿੰਧੂ ਨੇ ਸਖ਼ਤ ਚੁਣੌਤੀ ਪੇਸ਼ ਕੀਤੀ , ਪਰ ਫ਼ਾਇਨਲ ਸੈੱਟ ਵਿੱਚ ਸਿੰਧੂ ਦੀ ਮਿਹਨਤ ਰੰਗ ਨਹੀਂ ਲਿਆ ਸਕੀ।
ਦੂਜੇ ਸੈੱਟ ਵਿੱਚ ਸਿੰਧੂ ਨੇ ਮਜ਼ਬੂਤ ਸ਼ੁਰੂਆਤ ਦੇ ਨਾਲ 8-5 ਦੀ ਲੀਡ ਲਈ, ਪਰ ਯਿੰਗ ਨੇ ਫ਼ਿਰ ਸੈੱਟ ਵਿੱਚ ਜ਼ਬਰਦਸਤ ਵਾਪਸੀ ਕਰਦੇ ਹੋਏ, ਆਪਣਾ ਸੁਰੱਖਿਅਤ ਖੇਡ ਜਾਰੀ ਰੱਖਿਆ। 24 ਮਿੰਟਾਂ ਤੱਕ ਚੱਲੇ ਫ਼ਾਇਨਲ ਸੈੱਟ ਵਿੱਚ ਸਿੰਧੂ ਕਈ ਕੋਸ਼ਿਸ਼ਾਂ ਦੇ ਬਾਵਜੂਦ ਯਿੰਗ ਤੋਂ ਇਹ ਸੈੱਟ 17-21 ਤੋਂ ਹਾਰ ਗਈ।
ਸਾਇਨਾ ਵੀ ਹੋਈ ਟੂਰਨਾਮੈਂਟ ਤੋਂ ਬਾਹਰ
ਇਸ ਤੋਂ ਪਹਿਲਾਂ ਭਾਰਤ ਦੀ ਇੱਕ ਹੋਰ ਮਹਿਲਾ ਬੈਡਮਿੰਟਨ ਖ਼ਿਡਾਰੀ ਸਾਇਨਾ ਨੇਹਵਾਲ ਵੀ ਇਸੇ ਟੂਰਨਾਮੈਂਟ ਦੇ ਕੁਆਰਟਰ ਫ਼ਾਇਨਲ ਵਿੱਚ ਦੱਖਣੀ ਕੋਰੀਆ ਦੀ ਐਨ ਸੇ ਯੰਗ ਤੋਂ ਹਾਰ ਕੇ ਫ੍ਰੈਂਚ ਓਪਨ ਤੋਂ ਬਾਹਰ ਹੋ ਗਈ ਹੈ। ਐਨ ਸੇ ਯੰਗ ਨੇ ਸਾਇਨਾ ਨੂੰ 22-20, 23-21 ਨਾਲ ਹਰਾਇਆ।