ਨਵੀਂ ਦਿੱਲੀ: ਭਾਰਤ ਦੀ ਮਨੁ ਭਾਕਰ ਅਤੇ ਸੌਰਭ ਚੌਧਰੀ ਦੀ ਜੋੜੀ ਨੇ ਕੌਮਾਂਤਰੀ ਨਿਸ਼ਾਨੇਬਾਜ਼ੀ ਮਹਾਂਸੰਘ (ਆਈਐਸਐਸਐਫ) ਵਿਸ਼ਵ ਕੱਪ 'ਚ 10 ਮੀਟਰ ਏਅਰ ਪਿਸਟਲ ਮਿਕਸ ਟੀਮ ਮੁਕਾਬਲੇ 'ਚ ਸੋਨ ਤਮਗ਼ਾ ਆਪਣੇ ਨਾਂਅ ਕੀਤਾ ਹੈ । ਇਸ ਜੋੜੀ ਨੇ ਫਾਈਨਲ 'ਚ 483.4 ਸਕੋਰ ਕਰਦੇ ਹੋਏ ਸੋਨੇ ਦਾ ਤਮਗ਼ਾ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ ।
ਮੁਕਾਬਲੇ 'ਚ ਚਾਂਦੀ ਦਾ ਤਮਗਾ ਚੀਨ ਦੀ ਰੈਨਝਿਨ ਜਿਯਾਂਗ ਅਤੇ ਬੋਵੇਨ ਝਾਂਗ ਦੀ ਜੋੜੀ ਦੇ ਨਾਂਅ ਰਿਹਾ, ਜਿਨ੍ਹਾਂ ਨੇ 477.7 ਸਕੋਰ ਕੀਤਾ। ਕੋਰਿਆ ਦੇ ਮਿਨਜੁੰਗ ਕਿਮ ਅਤੇ ਦਾਏਹੁਣ ਪਾਰਕ ਦੀ ਜੋੜੀ ਨੇ 418.8 ਸਕੋਰ ਕਰਦੇ ਹੋਏ ਕਾਂਸੇ ਦਾ ਤਮਗ਼ਾ ਆਪਣੇ ਨਾਂਅ ਕੀਤਾ।
ਦੂਜੇ ਪਾਸੇ ਭਾਰਤ ਦੀ ਅੰਜੂਮ ਮੋਦਗਿੱਲ ਅਤੇ ਉਨ੍ਹਾਂ ਦੇ ਪੁਰਸ਼ ਜੋੜੀਦਾਰ ਰਵੀ ਕੁਮਾਰ ਨੇ 10 ਮੀਟਰ ਏਅਰ ਰਾਈਫਲ ਮਿਕਸ ਟੀਮ ਮੁਕਾਬਲੇ ਦੇ ਫਾਈਨਲ 'ਚ ਆਪਣੀ ਥਾਂ ਨਹੀਂ ਬਣਾ ਪਾਏ । ਇਹ ਭਾਰਤੀ ਜੋੜੀ ਕੁਆਲੀਫਿਕੇਸ਼ਨ 'ਚ ਸਤਵੇਂ ਥਾਂ 'ਤੇ ਰਹਿ ਕੇ ਬਾਹਰ ਹੋ ਗਈ ਅਤੇ ਸਿਰਫ਼ 5 ਜੋੜੀਆਂ ਨੂੰ ਫਾਈਨਲ 'ਚ ਥਾਂ ਮਿਲੀ।
10 ਮੀਟਰ ਏਅਰ ਰਾਈਫਲ ਮਿਕਸ ਟੀਮ ਮੁਕਾਬਲੇ ਦਾ ਸੋਨ ਤਮਗਾ ਚੀਨ ਦੀ ਰੁਝੂ ਝਾਊ ਅਤੇ ਯੁਕੁਨ ਲਿਯੂ ਦੇ ਨਾਂਅ ਰਿਹਾ ਜਿੰਨ੍ਹਾਂ ਨੇ ਕੁੱਲ 503.6 ਦਾ ਸਕੋਰ ਕੀਤਾ। ਇਸ ਜੋੜੀ ਨੇ ਵਿਸ਼ਵ ਰਿਕਾਰਡ ਦੇ ਨਾਲ-ਨਾਲ ਸੋਨੇ ਦਾ ਤਮਗ਼ਾ ਆਪਣੇ ਨਾਂਅ ਕੀਤਾ।
![undefined](https://s3.amazonaws.com/saranyu-test/etv-bharath-assests/images/ad.png)