ਮੁੰਬਈ: ਮਸ਼ਹੂਰ ਟੀਵੀ ਨਿਰਮਾਤਾ ਏਕਤਾ ਕਪੂਰ ਆਲਟ ਬਾਲਾਜੀ ਦੀ ਵੈੱਬ ਸੀਰੀਜ "ਟ੍ਰਿਪਲ ਐਕਸ 2" ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਵਿੱਚ ਦਿਖਾਏ ਗਏ ਕੁਝ ਕੰਟੈਂਟ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਕਈ ਥਾਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ।
ਇਸ ਸਾਰੇ ਮਾਮਲੇ ਨੂੰ ਲੈ ਕੇ ਪਹਿਲੀ ਵਾਰ ਏਕਤਾ ਕਪੂਰ ਸਾਹਮਣੇ ਆਈ ਹੈ। ਇੱਕ ਇੰਟਰਵਿਊ ਵਿੱਚ ਏਕਤਾ ਨੇ ਕਿਹਾ ਕਿ "ਮੈਂ ਭਾਰਤੀ ਫੌਜ ਦੀ ਬਹੁਤ ਇੱਜ਼ਤ ਕਰਦੀ ਹਾਂ। ਸਾਡੇ ਦੇਸ਼ ਦੀ ਸੁਰੱਖਿਆ ਵਿੱਚ ਫੌਜ ਦਾ ਬਹੁਤ ਵੱਡਾ ਯੋਗਦਾਨ ਹੈ। ਜੇਕਰ ਫੌਜ ਦੀ ਕਿਸੇ ਵੀ ਜਥੇਬੰਦੀ ਤੋਂ ਮੁਆਫੀ ਮੰਗਣ ਦੀ ਜ਼ਰੂਰ ਹੈ ਤਾਂ ਮੈਂ ਇਸ ਲਈ ਤਿਆਰ ਹਾਂ।"
ਏਕਤਾ ਨੇ ਕਿਹਾ ਕਿ "ਮੈਂ ਸੋਸ਼ਲ ਮੀਡੀਆ 'ਤੇ ਮਿਲਣ ਵਾਲੀਆਂ ਧਮਕੀਆਂ ਅਤੇ ਕੁਝ ਬਦਮਾਸ਼ਾਂ ਦੀ ਘਟੀਆ ਭਾਸ਼ਾ ਨਾਲ ਡਰਨ ਵਾਲੀ ਨਹੀਂ ਹਾਂ। ਅੱਜ ਮੈਂ ਜਿੱਥੇ ਹਾਂ, ਉੱਥੇ ਕੱਲ੍ਹ ਕੋਈ ਦੂਜੀ ਔਰਤ ਹੋ ਸਕਦੀ ਹੈ। ਮੇਰੀ ਮਾਂ ਅਤੇ ਪਰਿਵਾਰ ਨੂੰ ਜਬਰ-ਜਨਾਹ ਦੀਆਂ ਧਮਕੀਆਂ ਤੱਕ ਮਿਲ ਰਹੀਆਂ ਹਨ, ਜੋ ਕਿ ਸਰਾਸਰ ਗ਼ਲਤ ਹੈ। ਮੈਂ ਵੈੱਬ ਸੀਰੀਜ ਦੇ ਇਸ ਅੰਕ ਨੂੰ ਆਗਿਆ ਨਹੀਂ ਦਿੱਤੀ। ਜਦੋਂ ਇਹ ਵਿਵਾਦ ਸ਼ੂਰੂ ਹੋਇਆ ਤਾਂ ਵਿਵਾਦਤ ਸੀਨ ਨੂੰ ਸ਼ੋਅ ਵਿੱਚੋਂ ਹਟਾ ਵੀ ਦਿੱਤਾ ਗਿਆ ਸੀ।"
ਤੁਹਾਨੂੰ ਦੱਸ ਦੇਈਏ ਕਿ ਏਕਤਾ ਕਪੂਰ ਨੇ ਆਪਣੀ ਸੀਰੀਜ਼ ਵਿੱਚ ਭਾਰਤੀ ਫੌਜ ਦੀ ਵਰਦੀ ਨਾਲ ਅਸ਼ਲੀਲਤਾ ਦਿਖਾਏ ਜਾਣ 'ਤੇ ਏਕਤਾ ਦਾ ਵਿਰੋਧ ਸ਼ੁਰੂ ਹੋ ਗਿਆ ਸੀ। ਸੋਸ਼ਲ ਮੀਡੀਆ 'ਤੇ ਏਕਤਾ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਹਾਲਾਂਕਿ ਇਸ ਵਿਰੋਧ ਤੋਂ ਬਾਅਦ ਸੀਰੀਜ਼ ਵਿੱਚੋਂ ਇਤਰਾਜ਼ ਯੋਗ ਸਮੱਗਰੀ ਨੂੰ ਹਟਾ ਦਿੱਤਾ ਗਿਆ ਹੈ।