ਮੁੰਬਈ: ਤਾਮਿਲ ਟੈਲੀਵਿਜ਼ਨ ਦੀ ਮਸ਼ਹੂਰ ਅਦਾਕਾਰਾ ਚਿਤਰਾ ਕਾਮਰਾਜ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਹੈ। ਅਦਾਕਾਰ ਬੁੱਧਵਾਰ ਨੂੰ ਚੇਨਈ ਦੇ ਨਾਜ਼ਰਥਪੇਟ ਵਿੱਚ ਇੱਕ ਹੋਟਲ ਦੇ ਕਮਰੇ ਵਿੱਚ ਮ੍ਰਿਤਕ ਪਾਈ ਗਈ ਹੈ। ਉਹ 29 ਸਾਲਾਂ ਦੀ ਸੀ। ਰਿਪੋਰਟਾਂ ਦੇ ਅਨੁਸਾਰ, ਨਾਜ਼ਰਥਪੇਟ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਹੋਟਲ ਮੈਨੇਜਮੈਂਟ ਵੱਲੋਂ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ।
ਪੁਲਿਸ ਨੇ ਲਾਸ਼ ਨੂੰ ਬਰਾਮਦ ਕਰ ਪੋਸਟ ਮਾਰਟਮ ਲਈ ਕਿੱਲਪੋਕ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇੰਸਟਾਗ੍ਰਾਮ 'ਤੇ 1 ਮਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਰੱਖਣ ਵਾਲੀ ਚਿਤਰਾ ਨੇ ਪ੍ਰਸਿੱਧ ਤਾਮਿਲ ਸੀਰੀਜ਼ ਸਰਵਾਨਨ ਮੀਨਾਕਸ਼ੀ ਦੇ ਦੂਜੇ ਪਾਰਟ ਵਿੱਚ ਇੱਕ ਛੋਟੀ ਜਿਹੀ ਭੂਮਿਕਾ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਉਸ ਦੇ ਦੇਹਾਂਤ ਨੇ ਸਾਰੇ ਤਾਮਿਲ ਮਨੋਰੰਜਨ ਉਦਯੋਗ ਵਿੱਚ ਇੱਕ ਸਦਮਾ ਪਸਾਰ ਦਿੱਤਾ ਹੈ।
ਅਦਾਕਾਰਾ ਨੇ ਅਗਸਤ ਵਿੱਚ ਹੀ ਚੇਨਈ ਦੇ ਇੱਕ ਬਿਜ਼ਨਸਮੈਨ ਨਾਲ ਮੰਗਣੀ ਕੀਤੀ ਸੀ ਅਤੇ ਜਦੋਂ ਉਸ ਦੇ ਪ੍ਰਸ਼ੰਸਕ ਉਸ ਦੇ ਵਿਆਹ ਦੀਆਂ ਖ਼ਬਰਾਂ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਇਸ ਦੁਖਦਾਈ ਖ਼ਬਰ ਨੇ ਸੋਗ ਦੀ ਲਹਿਰ ਲਿਆ ਦਿੱਤੀ ਹੈ।