ਮੁੰਬਈ: ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਦੇ ਲੋਕ ਦਹਿਸ਼ਤ 'ਚ ਹਨ। ਬੀਤੇ ਦਿਨੀਂ ਪਲੇਅਬੈਕ ਸਿੰਗਰ ਐਸਪੀ ਬਾਲਾਸੁਬਰਾਮਨੀਅਮ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ। ਇਸ ਸਮੇਂ ਉਨ੍ਹਾਂ ਦਾ ਇਲਾਜ ਚੇਨਈ ਦੇ ਐਮਜੀਐਮ ਹੈਲਥਕੇਅਰ ਹਸਪਤਾਲ 'ਚ ਜਾਰੀ ਹੈ।
ਡਾਕਟਰਾਂ ਮੁਤਾਬਕ ਬਾਲਾਸੁਬਰਾਮਨੀਅਮ ਨੂੰ ਪਿਛਲੇ 48 ਘੰਟਿਆਂ ਤੋਂ ਲਾਈਫ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਹੈ ਪਰ ਉਨ੍ਹਾਂ ਦੀ ਹਾਲਤ ਅਜੇ ਵੀ ਸਥਿਰ ਹੈ। ਡਾਕਟਰਾਂ ਨੇ ਕਿਹਾ ਉਨ੍ਹਾਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਜਾ ਰਹੀ ਹੈ ਤੇ ਕੋਰੋਨਾ ਨਾਲ ਲੜਨ ਲਈ ਰੈਮੇਡੀਸਿਵਰ ਦਵਾਈ ਵੀ ਦਿੱਤੀ ਜਾਵੇਗੀ।
ਇਸ ਵਿਚਾਲੇ ਬਾਲਾਸੁਬਰਾਮਨੀਅਮ ਦੇ ਬੇਟੇ ਐਸਪੀ ਚਰਨ ਨੇ ਇਕ ਵੀਡੀਓ ਰਾਹੀਂ ਦੱਸਿਆ ਕਿ ਉਸ ਦੇ ਪਿਤਾ ਦੀ ਹਾਲਤ ਹੁਣ ਸਥਿਰ ਹੈ ਅਤੇ ਉਨ੍ਹਾਂ ਦੇ ਫੇਫੜਿਆਂ ਨੇ ਪਹਿਲਾਂ ਨਾਲੋਂ ਬਿਹਤਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਕਿਹਾ,ਹਲਾਂਕਿ ਬਾਲਾਸੁਬਰਾਮਨੀਅਮ ਦੀ ਸਿਹਤ ਠੀਕ ਹੋਣ 'ਚ ਸਮਾਂ ਲੱਗ ਸਕਦਾ ਹੈ। ਐਸਪੀ ਬਾਲਾਸੁਬਰਾਮਨੀਅਮ ਦੇ ਕੋਰੋਨਾ ਸੰਕਰਮਿਤ ਹੋਣ ਮਗਰੋਂ ਉਨ੍ਹਾਂ ਦੀ ਪਤਨੀ ਸਾਵਿਤ੍ਰੀ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ। ਉਹ ਵੀ ਹਸਪਤਾਲ 'ਚ ਵੀ ਜ਼ੇਰੇ ਇਲਾਜ ਹਨ।
ਗਾਇਕ ਦੇ ਪ੍ਰਸ਼ੰਸਕ ਉਨ੍ਹਾਂ ਦੀ ਤੰਦਰੁਸਤੀ ਲਈ ਲਗਾਤਾਰ ਦੂਆਵਾਂ ਕਰ ਰਹੇ ਹਨ। ਪ੍ਰਸ਼ੰਸਕਾਂ ਤੋਂ ਇਲਾਵਾ ਕਈ ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਗਾਇਕ ਦੀ ਸਿਹਤ ਲਈ ਅਰਦਾਸ ਕੀਤੀ ਹੈ।
ਦੱਸਣਯੋਗ ਹੈ ਕਿ ਬਾਲਾਸੁਬਰਾਮਨੀਅਮ 5 ਅਗਸਤ ਨੂੰ ਕੋਰੋਨਾ ਪੌਜ਼ੀਟਿਵ ਪਾਏ ਗਏ ਸੀ। ਇਸ ਤੋਂ ਬਾਅਦ, ਜਦੋਂ ਉਨ੍ਹਾਂ ਨੂੰ ਹਲਕੇ ਲੱਛਣ ਦਿਖਾਈ ਦਿੱਤੇ ਤਾਂ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ।