ਲੁਧਿਆਣਾ: ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਅਕਸਰ ਹੀ ਸੁਰੱਖਿਆ 'ਚ ਰਹਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਦਾ ਨਾਂਅ ਇੱਕ ਹੋਰ ਵਿਵਾਦ ਨਾਲ ਜੁੜ ਗਿਆ ਹੈ। ਦਰਅਸਲ ਤਿੰਨ ਨੌਜਵਾਨਾਂ ਵੱਲੋਂ ਮੂਸੇਵਾਲਾ ਦੇ ਗੀਤ 'old skool' 'ਤੇ ਇੱਕ ਵੀਡੀਓ ਬਣਾਇਆ ਗਿਆ ਜਿਸ ਵਿੱਚ ਹੱਥਿਆਰਾਂ ਦੀ ਵਰਤੋਂ ਕੀਤੀ ਗਈ ਹੈ। ਤਿੰਨ ਨੌਜਵਾਨਾਂ ਵੱਲੋਂ ਵੀਡੀਓ 'ਤੇ ਲਾਇਕ ਕਰਵਾਉਣ ਲਈ ਜਬਰਨ ਇੱਕ ਨੌਜਵਾਨ ਦਾ ਕੁਟਾਪਾ ਵੀ ਚਾੜ ਦਿੱਤਾ ਗਿਆ।
ਪੀੜਤ ਸਾਹਿਲ ਨੇ ਗੱਲਬਾਤ ਵਿੱਚ ਦੱਸਿਆ ਕਿ ਨੌਜਵਾਨਾਂ ਵੱਲੋਂ ਮੂਸੇ ਵਾਲੇ ਦੇ ਕਿਸੇ ਗੀਤ ਦਾ ਵੀਡੀਓ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਲਾਈਕ ਕਰਵਾਉਣ ਲਈ ਧੱਕੇ ਨਾਲ ਉਸ ਨੂੰ ਕਿਹਾ ਗਿਆ ਪਰ ਉਸ ਦੇ ਮਨ੍ਹਾ ਕਰਨ 'ਤੇ ਨੌਜਵਾਨਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਉਸ 'ਤੇ ਹਮਲਾ ਕਰ ਦਿੱਤਾ। ਸਾਹਿਲ ਨੇ ਕਿਹਾ ਕਿ ਉਸ ਦੇ ਸਿਰ 'ਤੇ ਨੌਜਵਾਨਾਂ ਵੱਲੋਂ ਦਾਤ ਨਾਲ ਹਮਲਾ ਕੀਤਾ ਗਿਆ। ਦੂਜੇ ਪਾਸੇ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਤਿੰਨ ਵਿੱਚ ਨੌਜਵਾਨ ਸਾਹਿਲ ਦੀ ਸ਼ਿਕਾਇਤ 'ਤੇ ਪੁਲਿਸ ਵੱਲੋਂ ਨੌਜਵਾਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਅਫ਼ਸਰ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨੌਜਵਾਨਾਂ ਸਬੰਧੀ ਸ਼ਿਕਾਇਤ ਮਿਲੀ ਸੀ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਵੀਡੀਓ ਵਿੱਚ ਜੋ ਹਥਿਆਰ ਵਰਤੇ ਗਏ ਹਨ ਉਹ ਇੱਕ ਖਿਡੌਣਾ ਹੈ ਪਰ ਦਾਤ ਜਰੂਰ ਅਸਲੀ ਸੀ। ਉਨ੍ਹਾਂ ਕਿਹਾ ਕਿ ਕਾਨੂੰਨ ਦੇ ਮੁਤਾਬਕ ਤਿੰਨਾਂ ਨੌਜਵਾਨਾਂ 'ਤੇ ਕਾਰਵਾਈ ਕੀਤੀ ਜਾਵੇਗੀ।