ਸਹਾਰਸਾ: ਸੁਸ਼ਾਂਤ ਸਿੰਘ ਰਾਜਪੂਤ ਦੇ ਚਚੇਰੇ ਭਰਾ ਭਾਜਪਾ ਵਿਧਾਇਕ ਨੀਰਜ ਕੁਮਾਰ ਸਿੰਘ ਬਬਲੂ ਨੇ ਸ਼ਨੀਵਾਰ ਨੂੰ ਕਿਹਾ ਕਿ ਮ੍ਰਿਤਕ ਅਦਾਕਾਰ ਦੇ ਦੋਸਤ ਸਿਧਾਰਥ ਪਿਠਾਨੀ ਅਤੇ ਸੰਦੀਪ ਨੂੰ ਨਿਸ਼ਚਤ ਤੌਰ 'ਤੇ ਗ੍ਰਿਫ਼ਤਾਰ ਕਰਕੇ ਸੀਬੀਆਈ ਵੱਲੋਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ।
"ਸੀਬੀਆਈ ਜਾਂਚ ਸਹੀ ਦਿਸ਼ਾ ਵੱਲ ਜਾ ਰਹੀ ਹੈ। ਸਾਨੂੰ ਉਮੀਦ ਹੈ ਕਿ ਦੋਸ਼ੀ ਫੜੇ ਜਾਣਗੇ। ਸਿਧਾਰਥ ਪਿਠਾਨੀ ਨੂੰ ਨਿਸ਼ਚਤ ਤੌਰ 'ਤੇ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਜਦੋਂ ਅਸੀਂ ਸੁਸ਼ਾਂਤ ਦੇ ਅੰਤਮ ਸੰਸਕਾਰ ਲਈ ਗਏ ਤਾਂ ਅਸੀਂ ਦੇਖਿਆ ਕਿ ਪਿਠਾਨੀ ਦੇ ਚਿਹਰੇ 'ਤੇ ਕੋਈ ਉਦਾਸੀ ਨਹੀਂ ਸੀ। ਮੈਨੂੰ ਉਸ ਦੀਆਂ ਗਤੀਵਿਧੀਆਂ 'ਤੇ ਸ਼ੱਕ ਹੈ। ਉਹ ਸੁਸ਼ਾਂਤ ਦਾ ਸਹਿਯੋਗੀ ਹੁੰਦਾ ਸੀ,' ਬਬਲੂ ਨੇ ਕਿਹਾ।
ਉਨ੍ਹਾਂ ਨੇ ਅੱਗੇ ਕਿਹਾ “ਸੁਸ਼ਾਂਤ ਦਾ ਇੱਕ ਹੋਰ ਸਾਥੀ, ਸੰਦੀਪ ਨੇ ਵੀ ਮੇਰੇ ਚਚੇਰੇ ਭਰਾ ਦੀ ਮੌਤ ਤੋਂ ਦਸ ਦਿਨਾਂ ਬਾਅਦ ਮੀਡੀਆ ਉੱਤੇ ਲੋਕਾਂ ਨੂੰ ਕਲੀਨ ਚਿੱਟ ਦੇਣਾ ਸ਼ੁਰੂ ਕਰ ਦਿੱਤਾ ਸੀ। ਉਹ ਇੱਕ ਗੈਂਗਸਟਰ ਦੀ ਤਰ੍ਹਾਂ ਕੰਮ ਕਰ ਰਿਹਾ ਸੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸੀਬੀਆਈ ਇਸ ਮਾਮਲੇ ਦੀ ਜਾਂਚ ਕਰੇਗੀ ਅਤੇ ਇਸ ਦਾ ਨਤੀਜਾ ਸਾਹਮਣੇ ਲਿਆਵੇਗੀ। ਮੇਰਾ ਵਿਸ਼ਵਾਸ ਹੈ ਕੀ ਇਸ ਮਾਮਲੇ ਵਿੱਚ ਸੱਚਾਈ ਸਾਹਮਣੇ ਲਿਆਉਣ ਲਈ ਤੀਜੀ ਡਿਗਰੀ ਦੀ ਵਰਤੋਂ ਕਰਨੀ ਅਹਿਮ ਹੈ।"
ਇਸ ਤੋਂ ਪਹਿਲਾਂ ਅੱਜ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਮੁੰਬਈ ਪੁਲਿਸ ਦੀਆਂ ਟੀਮਾਂ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਉਨ੍ਹਾਂ ਦੀ ਮੌਤ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਪਹੁੰਚੀਆਂ। ਸੁਸ਼ਾਂਤ ਸਿੰਘ ਰਾਜਪੂਤ ਦਾ ਦੋਸਤ ਸਿਧਾਰਥ ਪਿਠਾਨੀ ਅਤੇ ਕੁੱਕ ਵੀ ਸੀਬੀਆਈ ਦੀ ਟੀਮ ਦੇ ਨਾਲ ਸਨ, ਜੋ ਮੌਤ ਦੇ ਮਾਮਲੇ ਦੀ ਜਾਂਚ ਲਈ ਮੁੰਬਈ ਸਥਿਤ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਪਹੁੰਚੀ।
ਇਸ ਤੋਂ ਪਹਿਲਾਂ ਸੀਬੀਆਈ ਦੀ ਟੀਮ ਨੇ ਨੀਰਜ ਨੂੰ ਇਸ ਮਾਮਲੇ ਦੇ ਸਿਲਸਿਲੇ ਵਿੱਚ ਸਾਂਤਾਕਰੂਜ਼ ਦੇ ਇੱਕ ਗੈਸਟ ਹਾਊਸ ਵਿੱਚ ਬੁਲਾਇਆ ਸੀ। ਮੁੰਬਈ ਦੇ 2 ਪੁਲਿਸ ਅਧਿਕਾਰੀ ਸ਼ੁੱਕਰਵਾਰ ਨੂੰ ਬਾਂਦਰਾ 'ਚ ਸੁਸ਼ਾਂਤ ਦੀ ਰਿਹਾਇਸ਼ 'ਤੇ ਗਏ ਸਨ।
19 ਅਗਸਤ ਨੂੰ ਸੁਪਰੀਮ ਕੋਰਟ ਨੇ ਇਹ ਕਹਿੰਦਿਆਂ ਕਿ ਪਟਨਾ ਵਿੱਚ ਦਰਜ ਕੀਤੀ ਗਈ ਐਫਆਈਆਰ ਜਾਇਜ਼ ਹੈ, ਜਾਂਚ ਏਜੰਸੀ ਨੂੰ ਅਦਾਕਾਰ ਦੀ ਮੌਤ ਨਾਲ ਜੁੜੇ ਕੇਸ ਦੀ ਜਾਂਚ ਕਰਨ ਲਈ ਕਿਹਾ ਸੀ।
ਜਸਟਿਸ ਰਿਸ਼ੀਕੇਸ਼ ਰਾਏ ਦੀ ਸਿੰਗਲ ਜੱਜ ਬੈਂਚ ਨੇ ਕਿਹਾ ਸੀ ਕਿ ਬਿਹਾਰ ਸਰਕਾਰ ਇਸ ਕੇਸ ਨੂੰ ਸੀਬੀਆਈ ਨੂੰ ਟਰਾਂਸਫ਼ਰ ਕਰਨ ਦੀ ਸਿਫਾਰਸ਼ ਕਰਨ ਦੇ ਕਾਬਿਲ ਹੈ। ਸੁਪਰੀਮ ਕੋਰਟ ਨੇ ਮੁੰਬਈ ਪੁਲਿਸ ਨੂੰ ਇਸ ਮਾਮਲੇ ਵਿੱਚ ਹੁਣ ਤੱਕ ਇਕੱਠੇ ਕੀਤੇ ਸਾਰੇ ਸਬੂਤਾਂ ਨੂੰ ਸੀਬੀਆਈ ਦੇ ਹਵਾਲੇ ਕਰਨ ਲਈ ਕਿਹਾ ਸੀ।
ਕੇਂਦਰ ਵੱਲੋਂ ਬਿਹਾਰ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਨੂੰ ਪਟਨਾ ਤੋਂ ਤਬਦੀਲ ਕਰਨ ਦੀ ਸਿਫਾਰਸ਼ ਸਵੀਕਾਰ ਕੀਤੇ ਜਾਣ ਤੋਂ ਬਾਅਦ ਏਜੰਸੀ ਨੇ ਰਿਆ ਚੱਕਰਵਰਤੀ ਅਤੇ ਹੋਰਨਾਂ ਖਿਲਾਫ ਅਭਿਨੇਤਾ ਦੀ ਮੌਤ ਦੇ ਸਬੰਧ ਵਿੱਚ ਐਫਆਈਆਰ ਦਰਜ ਕੀਤੀ ਹੈ।
ਐਫਆਈਆਰ ਪਟਨਾ ਵਿੱਚ ਅਦਾਕਾਰ ਦੇ ਪਿਤਾ ਕੇਕੇ ਸਿੰਘ ਵੱਲੋਂ ਆਤਮ ਹੱਤਿਆ ਕਰਨ ਦੀਆਂ ਧਾਰਾਵਾਂ ਤਹਿਤ ਸ਼ਿਕਾਇਤ ’ਤੇ ਦਰਜ ਕੀਤੀ ਗਈ ਸੀ।
ਰਾਜਪੂਤ 14 ਜੂਨ ਨੂੰ ਆਪਣੀ ਰਿਹਾਇਸ਼ 'ਤੇ ਮ੍ਰਿਤਕ ਪਾਏ ਗਏ ਸਨ।