ਮੁੰਬਈ: ਅਦਾਕਾਰ ਰਿਸ਼ੀ ਕਪੂਰ ਦਾ ਅੱਜ ਸਵੇਰੇ 67 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਰਿਸ਼ੀ ਕਪੂਰ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਅਦਾਕਾਰ ਅਮਿਤਾਭ ਬੱਚਨ ਨੇ ਟਵਿੱਟਰ ਉੱਤੇ ਟਵੀਟ ਕਰਦਿਆਂ ਰਿਸ਼ੀ ਕਪੂਰ ਦੇ ਦੇਹਾਂਤ ਬਾਰੇ ਪੁਸ਼ਟੀ ਕੀਤੀ ਹੈ। ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿੱਚ ਰਿਸ਼ੀ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਪਈ।
ਰਿਸ਼ੀ ਕਪੂਰ ਸਾਲ 2018 ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦਾ ਨਿਊਯਾਰਕ ਵਿੱਚ ਇਲਾਜ ਪਿਛਲੇ ਇੱਕ ਸਾਲ ਤੋਂ ਚੱਲ ਰਿਹਾ ਸੀ। ਸਤੰਬਰ 2019 ਵਿੱਚ ਠੀਕ ਹੋਣ ਤੋਂ ਬਾਅਦ ਉਹ ਭਾਰਤ ਵਾਪਸ ਪਰਤੇ ਸਨ।
ਬਾਲੀਵੁੱਡ ਅਤੇ ਸਿਆਸਤ ਜਗਤ ਦੀਆਂ ਤਮਾਮਤ ਹਸਤੀਆਂ ਨੇ ਰਿਸ਼ੀ ਦੇ ਅਚਾਨਕ ਹੋਏ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਈਆ ਨੇ ਰਿਸ਼ੀ ਨਾਲ ਆਪਣੇ ਤਜਰਬੇ ਵੀ ਸਾਂਝੇ ਕੀਤੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਕਾਂਗਰਸ ਨੇਤਾ ਰਾਹੁਲ ਗਾਂਧੀ ਸਣੇ ਕਈ ਸਿਆਸੀ ਆਗੂਆਂ ਨੇ ਰਿਸ਼ੀ ਦੀ ਮੌਤ 'ਤੇ ਸੋਗ ਕੀਤਾ।
ਐਂਟਰਟੇਨਮੈਂਟ ਇੰਡਸਟਰੀ ਨੂੰ ਪਏ ਇਸ ਘਾਟੇ 'ਤੇ ਫਿਲਮੀ ਸਿਤਾਰਿਆਂ ਨੇ ਵੀ ਅਫਸੋਸ ਜਤਾਇਆ ਅਤੇ ਕਪੂਰ ਪਰਿਵਾਰ ਨੂੰ ਇਸ ਮੁਸ਼ਕਲ ਸਮੇਂ ਵਿੱਚੋਂ ਲੰਘਣ ਲਈ ਹਿੰਮਤ ਦਿੱਤੀ। ਦੱਸ ਦੇਈਏ ਕਿ ਸਭ ਤੋਂ ਪਹਿਲਾਂ ਬਾਲਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਹੀ ਰਿਸ਼ੀ ਕਪੂਰ ਦੇ ਅਕਾਲ ਚਲਾਣੇ ਦੀ ਖਬਰ ਆਪਣੇ ਟਵਿਟਰ ਹੈਂਡਲ 'ਤੇ ਸਾਂਝੀ ਕੀਤੀ ਸੀ।
ਕਈ ਸਿਤਾਰਿਆਂ ਨੇ ਰਿਸ਼ੀ ਨਾਲ ਫੋਟੋਆਂ ਅਤੇ ਵੀਡੀਓ ਰਾਹੀਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਰਿਸ਼ੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ। ਇਨ੍ਹਾਂ ਵਿੱਚ ਲਤਾ ਮੰਗੇਸ਼ਕਰ, ਅਕਸ਼ੇ ਕੁਮਾਰ, ਪ੍ਰਿਯੰਕਾ ਚੋਪੜਾ ਜੋਨਸ, ਸਮਰੀਤੀ ਇਰਾਨੀ, ਰਜੀਨੀ ਕਾਂਤ, ਤਾਪਸੀ ਪੰਨੂੰ, ਜੂਹੀ ਚਾਵਲਾ, ਅਨੁਪਮ ਖੇਰ ਆਦਿ ਸ਼ਾਮਲ ਹਨ।
30 ਅਪ੍ਰੈਲ 2020 ਨੂੰ ਸਵੇਰੇ 8:45 ਵਜੇ ਐਚ.ਐਨ. ਰਿਲਾਇੰਸ ਫਾਉਨਡੇਸ਼ਨ ਹਸਪਤਾਲ ਵਿੱਚ ਰਿਸ਼ੀ ਦਾ ਦੇਹਾਂਤ ਹੋ ਗਿਆ ਅਤੇ ਉਹ ਫਿਲਮ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਏ।
ਕਪੂਰ ਪਰਿਵਾਰ ਦੀ ਇਸ ਦੁੱਖ ਭਰੀ ਘੜੀ ਵਿੱਚ ਕਈ ਹਸਤੀਆਂ ਸ਼ਾਮਲ ਹੋਈਆਂ। ਅਭਿਸ਼ੇਕ ਬੱਚਨ,ਕਰੀਨਾ ਕਪੂਰ ਸੈਫ ਅਲੀ ਖਾਨ, ਅਰਮਾਨ ਜੈਨ, ਅਤੇ ਆਲੀਆ ਭੱਟ ਹਸਪਤਾਲ ਵਿੱਚ ਕਪੂਰ ਪਰਿਵਾਰ ਨੂੰ ਹੌਂਸਲਾ ਦੇਣ ਪਹੁੰਚੇ।
ਇਸ ਮਗਰੋਂ ਆਖਰੀ ਰਸਮਾਂ ਲਈ ਉਨ੍ਹਾਂ ਦੀ ਦੇਹ ਨੂੰ ਮੁੰਬਈ ਦੇ ਚੰਦਨਵਾੜੀ ਸ਼ਮਸਾਨਘਾਟ ਲੈਕੇ ਜਾਇਆ ਗਿਆ ਜਿੱਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ।