ਲੁਧਿਆਣਾ: ਪੰਜਾਬੀ ਸਾਹਿਤ ਦੀ ਉੱਘੀ ਕਵਿਤਰੀ ਅੰਮ੍ਰਿਤਾ ਪ੍ਰੀਤਮ ਪੰਜਾਬੀ ਭਾਸ਼ਾ ਦੀ ਅਜਿਹੀ ਕਵਿਤਰੀ ਹੈ ਜਿਸ ਨੇ ਮਾਂ ਬੋਲੀ ਪੰਜਾਬੀ ਦੀ ਵਿੱਲਖਣ ਸੇਵਾ ਕੀਤੀ। 31 ਅਗਸਤ 1919 ਨੂੰ ਅੰਮ੍ਰਿਤਾ ਦਾ ਜਨਮ ਗੁਜ਼ਰਾਂਵਾਲਾ ਪਾਕਿਸਤਾਨ 'ਚ ਹੋਇਆ। ਸ਼ਨੀਵਾਰ ਨੂੰ ਅੰਮ੍ਰਿਤਾ ਦੀ 100 ਵੀਂ ਵਰੇਗੰਢ ਮਨਾਈ ਜਾ ਰਹੀ ਹੈ।
ਇਸ ਮੌਕੇ ਲੁਧਿਆਣਾ ਦੇ ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਦੇ ਨਾਲ ਮਿਲ ਕੇ ਦੋ ਰੋਜ਼ਾ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਲਗਵਾਇਆ। ਇਸ ਸੈਮੀਨਾਰ ਦਾ ਮੁੱਖ ਮੰਤਵ ਅੰਮ੍ਰਿਤਾ ਦੀਆਂ ਲਿਖਤਾਂ ਦਾ ਵਿਸ਼ਲੇਸ਼ਨ ਕਰਨਾ ਹੈ।
ਮੀਡੀਆ ਦੇ ਸਨਮੁੱਖ ਹੁੰਦਿਆਂ ਡਾ ਮੋਹਨਜੀਤ ਸਿੰਘ ਨੇ ਅੰਮ੍ਰਿਤਾ ਦੀਆਂ ਲਿਖਤਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਅੰਮ੍ਰਿਤਾ ਵਰਗੀ ਹਸਤੀ ਦੀ 100 ਵੀਂ ਵਰੇਗੰਢ 'ਤੇ ਜੋ ਉਪਰਾਲੇ ਹੋਣੇ ਚਾਹੀਦੇ ਸੀ ਉਹ ਨਹੀਂ ਹੋਏ। ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਸਿਰਫ਼ ਉਸ ਦੀਆਂ ਸਿਫ਼ਤਾਂ ਹੀ ਹੋਣ ਅਸੀਂ ਪੰਜਾਬ ਦੇ ਹਾਲਾਤਾਂ 'ਤੇ ਵਿਚਾਰ ਵਟਾਂਦਰਾ ਵੀ ਕਰ ਸਕਦੇ ਹਾਂ।
ਕਾਬਿਲ-ਏ-ਗੌਰ ਹੈ ਕਿ ਇਸ ਮੌਕੇ ਡਾ ਸੁਰਜੀਤ ਸਿੰਘ ਨੇ ਕਿਹਾ ਕਿ ਬਹੁਤ ਲੋਕ ਅੰਮ੍ਰਿਤਾ ਦੇ ਆਲੋਚਕ ਨੇ ਇਸ ਸਮਾਗਮ ਦਾ ਮੁੱਖ ਮੰਤਵ ਉਨ੍ਹਾਂ ਲੋਕਾਂ ਨੂੰ ਅੰਮ੍ਰਿਤਾ ਦੀ ਅਸਲ ਕਹਾਣੀ ਬਾਰੇ ਜਾਣੂ ਕਰਵਾਉਣਾ ਹੈ। ਇਸ ਤੋਂ ਇਲਾਵਾ ਉਨ੍ਹਾਂ ਅੰਮ੍ਰਿਤਾ ਪ੍ਰੀਤਮ ਦੀਆਂ ਲਿਖਤਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਉਸ ਨੇ ਔਰਤਾਂ ਨੂੰ ਅਜ਼ਾਦੀ ਦੇ ਸੁਪਨੇ ਵਿਖਾਉਣੇ ਸਿਖਾਏ ਹਨ।