ਮੁੰਬਈ: ਜਾਅਲੀ 'ਫਾਲੋਅਰਜ਼ ਅਤੇ ਲਾਈਕਸ' ਵਧਾਉਣ ਨਾਲ ਜੁੜੇ ਸਨਸਨੀਖੇਜ਼ ਸੋਸ਼ਲ ਮੀਡੀਆ ਰੈਕੇਟ ਦੇ ਸਬੰਧ ਵਿੱਚ ਆਪਣੀ ਜਾਂਚ ਜਾਰੀ ਰੱਖਦਿਆਂ, ਮੁੰਬਈ ਪੁਲਿਸ ਨੇ ਰੈਪਰ ਆਦਿਤਿਆ ਪ੍ਰਿਤਕ ਸਿੰਘ ਸਿਸੋਦੀਆ ਉਰਫ਼ ਬਾਦਸ਼ਾਹ ਸਮੇਤ ਘੱਟੋ ਘੱਟ 20 ਵੱਡੀਆਂ ਹਸਤੀਆਂ ਦੀ ਜਾਂਚ ਕੀਤੀ ਹੈ।
ਅਧਿਕਾਰਕ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ, ਪਿਛਲੇ ਮਹੀਨੇ ਇਸ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਸੀ।
ਜਿਸ ਤੋਂ ਬਾਅਦ ਕ੍ਰਾਈਮ ਇੰਟੈਲੀਜੈਂਸ ਯੂਨਿਟ (ਸੀਆਈਯੂ) ਨੇ ਸ਼ੁੱਕਰਵਾਰ ਨੂੰ ਬਾਦਸ਼ਾਹ ਤੋਂ 10 ਘੰਟੇ ਪੁੱਛਗਿੱਛ ਕੀਤੀ।
ਪੁੱਛਗਿੱਛ ਤੋਂ ਬਾਅਦ ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਬਾਦਸ਼ਾਹ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਆਪਣੇ ਇੱਕ ਗਾਣੇ ਦੇ ਵੀਡੀਓ ਦੇ ਵਿਊਜ਼ ਵਧਾਉਣ ਲਈ 72 ਲੱਖ ਰੁਪਏ ਖਰਚ ਕੀਤੇ ਸੀ। 72 ਕਰੋੜ ਵਿਊਜ਼, 72 ਲੱਖ ਵਿੱਚ।
ਬਾਦਸ਼ਾਹ 24 ਘੰਟਿਆਂ ਵਿੱਚ ਯੂਟਿਊਬ 'ਤੇ ਰਿਕਾਰਡ ਸਥਾਪਤ ਕਰਨਾ ਚਾਹੁੰਦਾ ਸੀ। ਇਕ ਪ੍ਰਮੁੱਖ ਪੋਰਟਲ ਨਾਲ ਗੱਲ ਕਰਦਿਆਂ ਡਿਪਟੀ ਪੁਲਿਸ ਕਮਿਸ਼ਨਰ ਨੰਦਕੁਮਾਰ ਠਾਕੁਰ ਦਾ ਕਹਿਣਾ ਹੈ ਕਿ ਬਾਦਸ਼ਾਹ ਨੇ ਖ਼ੁਦ ਸਾਨੂੰ ਦੱਸਿਆ ਹੈ ਕਿ ਉਹ 24 ਘੰਟੇ ਵਿੱਚ ਯੂਟਿਊਬ 'ਤੇ ਵਿਊਅਰਸ਼ਿਪ ਦਾ ਰਿਕਾਰਡ ਤੋੜਨਾ ਚਾਹੁੰਦਾ ਸੀ, ਇਸ ਲਈ ਉਨ੍ਹਾਂ ਨੇ ਇਕ ਕੰਪਨੀ ਨੂੰ 72 ਲੱਖ ਰੁਪਏ ਦਿੱਤੇ ਸੀ।
ਬਾਦਸ਼ਾਹ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਬਾਦਸ਼ਾਹ ਨੇ ਕਿਹਾ ਕਿ ਮੁੰਬਈ ਪੁਲਿਸ ਮੇਰੇ ਉੱਤੇ ਜੋ ਵੀ ਦੋਸ਼ ਲਗਾ ਰਹੀ ਹੈ ਉਹ ਝੂਠੇ ਹਨ। ਮੈਂ ਅਜਿਹਾ ਕੁੱਝ ਨਹੀਂ ਕੀਤਾ।
ਇਸ ਸਮੇਂ, ਕੇਸ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਬਾਦਸ਼ਾਹ ਦਾ ਮੰਨਣਾ ਹੈ ਕਿ ਸਹੀ ਫੈਸਲਾ ਜਲਦ ਹੀ ਸਾਹਮਣੇ ਆ ਜਾਵੇਗਾ.